May 12, 2026
#Punjab News

ਜਲੰਧਰ ‘ਚ ਭਿਆਨਕ ਅੱਗ: ਕਬਾੜ ਗੋਦਾਮ ਤੋਂ ਲੱਗੀ ਅੱਗ ਨਾਲ ਨੇੜਲੇ ਘਰ ਵੀ ਸੜੇ

Jalandhar ਦੇ ਵੈਸਟ ਇਲਾਕੇ ਵਿੱਚ ਕਾਲਾ ਸਿੰਘਾ ਰੋਡ ਨੇੜੇ ਪਿੰਡ ਕਾਦੀਆਂ ਵਿੱਚ ਇਕ ਕਬਾੜ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਅੱਗ ਦੀਆਂ ਉੱਚੀਆਂ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਅਤੇ ਆਸਮਾਨ ‘ਚ ਘਣਾ ਧੂੰਆਂ ਛਾ ਗਿਆ।

ਸਥਾਨਕ ਲੋਕਾਂ ਮੁਤਾਬਕ ਅੱਗ ਸਵੇਰੇ ਅਚਾਨਕ ਲੱਗੀ ਅਤੇ ਉਨ੍ਹਾਂ ਵੱਲੋਂ ਇਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਨੇ ਜਲਦੀ ਹੀ ਭਿਆਨਕ ਰੂਪ ਧਾਰ ਲਿਆ। ਅੱਗ ਦੇ ਫੈਲਣ ਕਾਰਨ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇੱਕ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਅੱਗ ਵਿੱਚ ਸੜ ਕੇ ਰਾਖ ਹੋ ਗਿਆ।

ਲੋਕਾਂ ਦਾ ਦਾਅਵਾ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਭਗ ਇੱਕ ਘੰਟੇ ਬਾਅਦ ਮੌਕੇ ‘ਤੇ ਪਹੁੰਚੀਆਂ, ਜਿਸ ਕਰਕੇ ਨੁਕਸਾਨ ਹੋਰ ਵੱਧ ਗਿਆ।

Fire Brigade ਦੀਆਂ ਕਰੀਬ 5 ਗੱਡੀਆਂ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਹਾਲਾਂਕਿ ਅੱਗ ਦੀ ਤੀਬਰਤਾ ਕਾਰਨ ਮੁਸ਼ਕਲਾਂ ਆ ਰਹੀਆਂ ਹਨ। ਇਸ ਦੌਰਾਨ Punjab Police ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਹਾਲਾਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਅੱਗ ਦੇ ਇਸ ਹਾਦਸੇ ਵਿੱਚ ਇਕ ਬਾਈਕ ਸਮੇਤ ਕਾਫ਼ੀ ਸਮਾਨ ਸੜ ਕੇ ਰਾਖ ਹੋ ਗਿਆ ਹੈ। ਲੋਕ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਦੂਰ ਭੱਜਦੇ ਦਿਖਾਈ ਦਿੱਤੇ। ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਜਾਂਚ ਜਾਰੀ ਹੈ।