August 12, 2026
#Breaking News #Tricity News

ਜੰਤਰ-ਮੰਤਰ ‘ਤੇ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਝੜਪ, ਹੰਝੂ ਗੈਸ ਦੇ ਗੋਲੇ ਛੱਡੇ; ਕਈ ਵੀਡੀਓਜ਼ ਵਾਇਰਲ

ਦਿੱਲੀ ਦੇ ਜੰਤਰ-ਮੰਤਰ ‘ਤੇ ਬੁੱਧਵਾਰ ਰਾਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ ਚੱਲ ਰਹੇ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ, ਜਦਕਿ ਘਟਨਾ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਪੁਲਿਸ ਨੇ ਪੱਥਰਾਅ ਦੇ ਲਾਏ ਦੋਸ਼

ਦਿੱਲੀ ਪੁਲਿਸ ਦਾ ਦਾਅਵਾ ਹੈ ਕਿ CJP ਨਾਲ ਜੁੜੇ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪੱਥਰਾਅ ਕੀਤਾ, ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੀ ਵਰਤੋਂ ਕੀਤੀ ਗਈ।

ਉੱਥੇ ਹੀ, ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਕੁਝ ਵੀਡੀਓਜ਼ ਵਿੱਚ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਕੁਝ ਹੋਰ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਲਾਠੀਆਂ ਵੀ ਨਜ਼ਰ ਆ ਰਹੀਆਂ ਹਨ।

20 ਜੁਲਾਈ ਨੂੰ ਵੀ ਹੋਈ ਸੀ ਝੜਪ

ਇਸ ਤੋਂ ਪਹਿਲਾਂ 20 ਜੁਲਾਈ ਨੂੰ ਵੀ CJP ਦੇ ਸੰਸਦ ਮਾਰਚ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ ਪੈਦਾ ਹੋਇਆ ਸੀ। ਉਸ ਵੇਲੇ ਪ੍ਰਦਰਸ਼ਨਕਾਰੀ ਸੰਸਦ ਦੇ ਮੁੱਖ ਗੇਟ ਨੇੜੇ ਪਹੁੰਚ ਗਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਲਈ ਲਾਠੀਚਾਰਜ ਕੀਤਾ ਸੀ।

CJP ਨੇ ਨਿਰਪੱਖ ਥਾਂ ‘ਤੇ ਗੱਲਬਾਤ ਦੀ ਰੱਖੀ ਸ਼ਰਤ

ਇਸ ਦੌਰਾਨ ਕੌਕਰੋਚ ਜਨਤਾ ਪਾਰਟੀ (CJP) ਦੇ ਤਰਜਮਾਨ ਸੌਰਵ ਦਾਸ ਨੇ ਕਿਹਾ ਕਿ ਜਥੇਬੰਦੀ ਸਰਕਾਰ ਨਾਲ ਗੱਲਬਾਤ ਲਈ ਤਿਆਰ ਹੈ, ਪਰ ਇਹ ਕਿਸੇ ਮੰਤਰੀ ਦੀ ਰਿਹਾਇਸ਼ ‘ਤੇ ਨਹੀਂ, ਸਗੋਂ ਕਿਸੇ ਨਿਰਪੱਖ ਥਾਂ ‘ਤੇ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੂਚਿਤ ਕੀਤਾ ਸੀ ਕਿ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਗੱਲਬਾਤ ਲਈ ਆਪਣੇ ਨਿਵਾਸ ‘ਤੇ ਸੱਦਾ ਦਿੱਤਾ ਹੈ, ਪਰ ਜਥੇਬੰਦੀ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਸੌਰਵ ਦਾਸ ਨੇ ਕਿਹਾ ਕਿ ਜੇ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਹਨ ਤਾਂ ਜੰਤਰ-ਮੰਤਰ ਨੇੜੇ ਕਿਸੇ ਨਿਰਪੱਖ ਸਥਾਨ ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਇਹ ਭਰੋਸਾ ਦੇਵੇ ਕਿ ਇਸ ਅੰਦੋਲਨ ਨਾਲ ਜੁੜੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੋਈ ਨਵੀਂ ਐੱਫਆਈਆਰ ਜਾਂ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ।

ਦੇਸ਼ ਦੇ ਕਈ ਸ਼ਹਿਰਾਂ ਤੱਕ ਪਹੁੰਚਿਆ ਅੰਦੋਲਨ

CJP ਦੇ ਅਨੁਸਾਰ ਇਹ ਅੰਦੋਲਨ ਹੁਣ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਰਿਹਾ। ਗੋਆ, ਮੁੰਬਈ, ਜੈਪੁਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।