May 11, 2026
#Punjab News #Sports

IPL 2026: ਪੰਜਾਬ ਕਿੰਗਜ਼ ਦੀ ਤਾਬੜਤੋੜ ਜਿੱਤ, ਲਖਨਊ ਨੂੰ 54 ਦੌੜਾਂ ਨਾਲ ਹਰਾਕੇ ਸੀਜ਼ਨ ਦੀ 5ਵੀਂ ਜਿੱਤ ਦਰਜ

ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 29ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ (PBKS) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਖਨਊ ਸੁਪਰ ਜਾਇੰਟਸ (LSG) ਨੂੰ 54 ਦੌੜਾਂ ਨਾਲ ਹਰਾ ਕੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ। ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪੰਜਾਬ ਨੇ ਹਰ ਖੇਤਰ ਵਿੱਚ ਦਬਦਬਾ ਬਣਾਇਆ।

ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਖਨਊ ਲਈ ਭਾਰੀ ਸਾਬਤ ਹੋਇਆ। ਪੰਜਾਬ ਦੇ ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 37 ਗੇਂਦਾਂ ਵਿੱਚ 93 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਉਨ੍ਹਾਂ ਦਾ ਸਟ੍ਰਾਈਕ ਰੇਟ 250 ਤੋਂ ਵੱਧ ਰਿਹਾ।

ਉਨ੍ਹਾਂ ਦਾ ਬਿਹਤਰੀਨ ਸਾਥ ਕੂਪਰ ਕੌਨੋਲੀ ਨੇ ਦਿੱਤਾ, ਜਿਨ੍ਹਾਂ ਨੇ 46 ਗੇਂਦਾਂ ਵਿੱਚ 87 ਦੌੜਾਂ ਬਣਾਈਆਂ। ਦੋਵਾਂ ਨੇ ਮਿਲ ਕੇ ਦੂਜੀ ਵਿਕਟ ਲਈ 182 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਅੰਤ ਵਿੱਚ ਮਾਰਕਸ ਸਟੋਇਨਿਸ ਅਤੇ ਸ਼ਸ਼ਾਂਕ ਸਿੰਘ ਦੀਆਂ ਛੋਟੀਆਂ ਪਰ ਅਹਿਮ ਪਾਰੀਆਂ ਨਾਲ ਪੰਜਾਬ ਨੇ 20 ਓਵਰਾਂ ਵਿੱਚ 254 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

255 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਨੇ ਸ਼ੁਰੂਆਤ ਤਾਂ ਵਧੀਆ ਕੀਤੀ, ਪਰ ਲਗਾਤਾਰ ਵਿਕਟਾਂ ਡਿੱਗਣ ਨਾਲ ਟੀਮ ਮੈਚ ਤੋਂ ਬਾਹਰ ਹੋ ਗਈ। ਰਿਸ਼ਭ ਪੰਤ ਨੇ 43 ਦੌੜਾਂ ਦੀ ਤੇਜ਼ ਪਾਰੀ ਖੇਡੀ, ਜਦਕਿ ਮਿਸ਼ੇਲ ਮਾਰਸ਼ (40), ਏਡਨ ਮਾਰਕਰਮ (42) ਅਤੇ ਆਯੂਸ਼ ਬਦੋਨੀ (35) ਨੇ ਯੋਗਦਾਨ ਦਿੱਤਾ, ਪਰ ਟੀਮ 20 ਓਵਰਾਂ ਵਿੱਚ 200 ਦੌੜਾਂ ਹੀ ਬਣਾ ਸਕੀ।

ਪੰਜਾਬ ਦੀ ਗੇਂਦਬਾਜ਼ੀ ਵੀ ਕਾਬਿਲ-ਏ-ਤਾਰੀਫ਼ ਰਹੀ। ਮਾਰਕੋ ਯਾਨਸਨ ਨੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ ਅਤੇ ਵਿਜੇਕੁਮਾਰ ਵਿਸਾਖ ਨੇ ਇੱਕ-ਇੱਕ ਵਿਕਟ ਲਈ। ਲਖਨਊ ਦੇ ਗੇਂਦਬਾਜ਼ ਪੰਜਾਬ ਦੇ ਬੱਲੇਬਾਜ਼ਾਂ ਨੂੰ ਰੋਕਣ ਵਿੱਚ ਨਾਕਾਮ ਰਹੇ, ਜਿਸ ਦਾ ਨਤੀਜਾ ਉਨ੍ਹਾਂ ਨੂੰ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ।

ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਸੀਜ਼ਨ ਵਿੱਚ ਆਪਣੀ ਪੰਜਵੀਂ ਜਿੱਤ ਦਰਜ ਕਰਕੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ।