May 12, 2026
#Tricity News

ਮੋਹਾਲੀ ਦੇ ਸਕੂਲ ‘ਚ ਮੱਖੀਆਂ ਦਾ ਹਮਲਾ, 60 ਤੱਕ ਵਿਦਿਆਰਥੀ ਜ਼ਖਮੀ

ਮੋਹਾਲੀ: ਫੇਜ਼-7 ਸਥਿਤ ਸੈਂਟ ਸੋਲਜਰ ਸਕੂਲ ਵਿੱਚ ਬੁੱਧਵਾਰ ਦੁਪਹਿਰ ਇੱਕ ਚੌਕਾਉਣ ਵਾਲੀ ਘਟਨਾ ਸਾਹਮਣੇ ਆਈ, ਜਦੋਂ ਮੱਖੀਆਂ ਦੇ ਝੁੰਡ ਨੇ ਸਕੂਲ ਦੇ ਮੈਦਾਨ ਵਿੱਚ ਖੇਡ ਰਹੇ ਬੱਚਿਆਂ ‘ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਲਗਭਗ 50 ਤੋਂ 60 ਵਿਦਿਆਰਥੀ ਜ਼ਖਮੀ ਹੋ ਗਏ, ਜਿਸ ਨਾਲ ਸਕੂਲ ਵਿੱਚ ਹੜਕੰਪ ਮਚ ਗਿਆ।

ਜਾਣਕਾਰੀ ਮੁਤਾਬਕ, ਬੱਚੇ ਆਮ ਦਿਨਾਂ ਵਾਂਗ ਸਕੂਲ ਦੇ ਮੈਦਾਨ ਵਿੱਚ ਖੇਡ ਰਹੇ ਸਨ ਕਿ ਅਚਾਨਕ ਮੱਖੀਆਂ ਦਾ ਇੱਕ ਵੱਡਾ ਝੁੰਡ ਉੱਥੇ ਆ ਗਿਆ ਅਤੇ ਬੱਚਿਆਂ ਨੂੰ ਡੰਗ ਮਾਰਣ ਲੱਗ ਪਿਆ। ਇਸ ਦੌਰਾਨ ਕਈ ਬੱਚੇ ਡਰ ਦੇ ਮਾਰੇ ਇੱਧਰ-ਉੱਧਰ ਭੱਜਣ ਲੱਗੇ, ਜਿਸ ਨਾਲ ਮਾਹੌਲ ਘਬਰਾਹਟ ਭਰਿਆ ਬਣ ਗਿਆ।

ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਾਰੇ ਜ਼ਖਮੀ ਬੱਚਿਆਂ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਦੇ ਅਨੁਸਾਰ, ਜ਼ਿਆਦਾਤਰ ਬੱਚਿਆਂ ਨੂੰ ਪ੍ਰਾਇਮਰੀ ਇਲਾਜ ਅਤੇ ਐਂਟੀ-ਐਲਰਜੀ ਇੰਜੈਕਸ਼ਨ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਕਿਸੇ ਵੀ ਬੱਚੇ ਦੀ ਹਾਲਤ ਗੰਭੀਰ ਨਹੀਂ ਹੈ ਅਤੇ ਸਾਰੇ ਸੁਰੱਖਿਅਤ ਹਨ।

ਘਟਨਾ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਮਾਪੇ ਹਸਪਤਾਲ ਪਹੁੰਚ ਗਏ। ਇਸ ਦੌਰਾਨ ਮਾਪਿਆਂ ਨੇ ਸਕੂਲ ਪ੍ਰਬੰਧਨ ‘ਤੇ ਨਾਰਾਜ਼ਗੀ ਜਤਾਈ ਅਤੇ ਦੋਸ਼ ਲਗਾਇਆ ਕਿ ਇੰਨੀ ਵੱਡੀ ਘਟਨਾ ਦੇ ਬਾਵਜੂਦ ਉਨ੍ਹਾਂ ਨੂੰ ਸਮੇਂ ‘ਤੇ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਮਾਮਲੇ ‘ਤੇ ਸਕੂਲ ਡਾਇਰੈਕਟਰ ਕਰਨ ਬਰਾਰ ਨੇ ਦੱਸਿਆ ਕਿ ਸਕੂਲ ਦੇ ਨੇੜੇ ਗਮਾਡਾ ਸਪੋਰਟਸ ਕੰਪਲੇਕਸ ਦੇ ਮੈਦਾਨ ਵਿੱਚ ਇੱਕ ਦਰੱਖ਼ਤ ‘ਤੇ ਮੱਖੀਆਂ ਦਾ ਛੱਤਾ ਸੀ। ਅਚਾਨਕ ਮੱਖੀਆਂ ਉੱਡ ਕੇ ਸਕੂਲ ਦੇ ਮੈਦਾਨ ਵਿੱਚ ਆ ਗਈਆਂ ਅਤੇ ਖੇਡ ਰਹੇ ਬੱਚਿਆਂ ਨੂੰ ਡੰਗ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਇਲਾਜ ਤੋਂ ਬਾਅਦ ਵਾਪਸ ਸਕੂਲ ਲਿਆਂਦਾ ਗਿਆ।

ਇਸ ਘਟਨਾ ਤੋਂ ਬਾਅਦ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਮਾਪੇ ਪ੍ਰਸ਼ਾਸਨ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਲਈ ਪੱਕੇ ਉਪਾਇ ਕਰਨ ਦੀ ਮੰਗ ਕਰ ਰਹੇ ਹਨ।