ਚੰਡੀਗੜ੍ਹ: ਪੰਜਾਬ ਵਿੱਚ ਵਧ ਰਹੀ ਤਿੱਖੀ ਗਰਮੀ ਦੇ ਮੱਦੇਨਜ਼ਰ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਚਰਚਾ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਵੱਲੋਂ ਉੱਤਰੀ ਭਾਰਤ ਵਿੱਚ ਕਹਿਰ ਦੀ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਤੇਜ਼ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਜਾਬ ਵਿੱਚ ਮੌਸਮ ਦੇ ਮਿਜ਼ਾਜ ਲਗਾਤਾਰ ਬਦਲ ਰਹੇ ਹਨ। ਇੱਕ ਪਾਸੇ ਪਾਰਾ ਚੜ੍ਹਦਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਹਨੇਰੀ ਅਤੇ ਬਿਜਲੀ ਕੜਕਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਅਗਲੇ ਹਫ਼ਤੇ ਤੋਂ ਗਰਮੀ ਵਿੱਚ ਹੋਰ ਵਾਧਾ ਹੋਵੇਗਾ, ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਸਕੂਲੀ ਬੱਚਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਹਾਲਾਤ ਨੂੰ ਦੇਖਦੇ ਹੋਏ ਦੇਸ਼ ਦੇ ਕਈ ਸੂਬਿਆਂ ਨੇ ਪਹਿਲਾਂ ਹੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਚਲਦੇ ਪੰਜਾਬ ਵਿੱਚ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਜਲਦ ਹੀ ਛੁੱਟੀਆਂ ਸਬੰਧੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ।
ਸੂਤਰਾਂ ਮੁਤਾਬਕ, ਜੇਕਰ ਤਾਪਮਾਨ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਇਸ ਵਾਰ ਛੁੱਟੀਆਂ ਸਮੇਂ ਤੋਂ ਪਹਿਲਾਂ, ਯਾਨੀ ਮਈ ਦੇ ਅਖੀਰ ਵਿੱਚ ਹੀ ਐਲਾਨ ਕੀਤੀਆਂ ਜਾ ਸਕਦੀਆਂ ਹਨ। ਨਾਲ ਹੀ, ਛੁੱਟੀਆਂ ਦੀ ਮਿਆਦ ਵਧਾਉਣ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਗੌਰਤਲਬ ਹੈ ਕਿ ਪਿਛਲੇ ਸਾਲ 2025 ਵਿੱਚ ਪੰਜਾਬ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ 2 ਜੂਨ ਤੋਂ 30 ਜੂਨ ਤੱਕ ਬੰਦ ਰਹੇ ਸਨ। ਇਸ ਤੋਂ ਪਹਿਲਾਂ ਦੇ ਸਾਲਾਂ ਵਿੱਚ ਕਈ ਵਾਰ ਮਈ ਮਹੀਨੇ ਵਿੱਚ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ।
ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵਿਦਿਆਰਥੀਆਂ ਅਤੇ ਮਾਪਿਆਂ ਦੀ ਨਜ਼ਰ ਹੁਣ ਸਰਕਾਰ ਦੇ ਫੈਸਲੇ ‘ਤੇ ਟਿਕੀ ਹੋਈ ਹੈ। ਜੇਕਰ ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਵੱਧਦਾ ਰਿਹਾ, ਤਾਂ ਜਲਦੀ ਹੀ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ।

