May 15, 2026
#Punjab News

12ਵੀਂ ਦੇ ਟੌਪਰਾਂ ਨਾਲ ਅੱਜ ਮੁਲਾਕਾਤ ਕਰਨਗੇ CM ਭਗਵੰਤ ਮਾਨ, ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ Bhagwant Mann ਅੱਜ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 12ਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਨਾਲ ਆਪਣੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕਰਨਗੇ। ਇਸ ਮੌਕੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ।

ਮੁੱਖ ਮੰਤਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦੇਣਗੇ ਅਤੇ ਟੌਪਰਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਗੇ। ਇਸ ਦੇ ਨਾਲ ਹੀ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਗਲੀ ਪੜ੍ਹਾਈ ਲਈ ਪ੍ਰੋਤਸਾਹਨ ਵਜੋਂ ਸਕਾਲਰਸ਼ਿਪ ਚੈੱਕ ਵੀ ਵੰਡੇ ਜਾਣਗੇ।

ਇਸ ਵਾਰ 12ਵੀਂ ਜਮਾਤ ਦੇ ਟਾਪ-3 ਵਿੱਚ ਤਿੰਨੋਂ ਹੀ ਲੜਕੀਆਂ ਨੇ ਬਾਜ਼ੀ ਮਾਰੀ ਹੈ। Supneet Kaur ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ Suhani Chauhan ਦੂਜੇ ਅਤੇ Divanshi ਤੀਜੇ ਸਥਾਨ ‘ਤੇ ਰਹੀ। ਤਿੰਨਾਂ ਹੀ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ 100 ਫ਼ੀਸਦੀ ਨਤੀਜਾ ਪ੍ਰਾਪਤ ਕੀਤਾ ਹੈ।

ਪੰਜਾਬ ਬੋਰਡ ਦੀ 12ਵੀਂ ਪ੍ਰੀਖਿਆ ਵਿੱਚ ਇਸ ਸਾਲ ਕੁੱਲ 2,65,417 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪਾਸ ਹੋਏ। ਇਸ ਵਾਰ ਕੁੱਲ ਪਾਸ ਫ਼ੀਸਦੀ 91.46 ਰਹੀ ਹੈ।

ਲੜਕੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਲੜਕੀਆਂ ਦੀ ਪਾਸ ਫ਼ੀਸਦੀ 94.73 ਰਹੀ, ਜਦਕਿ ਲੜਕਿਆਂ ਦੀ ਪਾਸ ਫ਼ੀਸਦੀ 88.52 ਦਰਜ ਕੀਤੀ ਗਈ। ਇਸ ਤੋਂ ਇਲਾਵਾ ਟ੍ਰਾਂਸਜੈਂਡਰ ਸ਼੍ਰੇਣੀ ਵਿੱਚ ਵੀ ਸਾਰੇ 6 ਵਿਦਿਆਰਥੀ ਸਫਲ ਰਹੇ ਹਨ।

ਸ਼ਹਿਰੀ ਖੇਤਰਾਂ ਵਿੱਚ ਪਾਸ ਫ਼ੀਸਦੀ 91.24 ਅਤੇ ਪੇਂਡੂ ਖੇਤਰਾਂ ਵਿੱਚ 91.63 ਰਹੀ ਹੈ, ਜਿਸ ਨਾਲ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਵੀ ਕਾਬਿਲੇ-ਤਾਰੀਫ਼ ਰਿਹਾ ਹੈ।