ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਵਿੱਚ ਕੁੱਤਿਆਂ ਨਾਲ ਕਥਿਤ ਤੌਰ ‘ਤੇ ਕੀਤੀ ਗਈ ਕ੍ਰੂਰਤਾ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਐਨੀਮਲ ਐਕਟੀਵਿਸਟਾਂ, ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁਨਾਂ ਵੱਲੋਂ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਬੇਜ਼ੁਬਾਨ ਜਾਨਵਰਾਂ ਲਈ ਇਨਸਾਫ ਦੀ ਮੰਗ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਵਾਇਰਲ ਵੀਡੀਓਜ਼ ਵਿੱਚ ਕੁੱਤਿਆਂ ਨੂੰ ਬੇਹੱਦ ਬੇਰਹਿਮੀ ਨਾਲ ਘਸੀਟਿਆ ਅਤੇ ਕੁੱਟਿਆ ਗਿਆ, ਜਿਸ ਕਾਰਨ ਕੁਝ ਜਾਨਵਰਾਂ ਦੀ ਮੌਤ ਵੀ ਹੋ ਗਈ। ਇੱਕ ਐਨੀਮਲ ਐਕਟੀਵਿਸਟ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ-ਪੀਰਾਂ ਦੀ ਧਰਤੀ ਹੈ, ਪਰ ਇਥੇ ਇਸ ਤਰ੍ਹਾਂ ਦੀ ਕ੍ਰੂਰਤਾ ਦੇਖ ਕੇ ਲੋਕ ਹੈਰਾਨ ਹਨ। ਉਨ੍ਹਾਂ ਕਿਹਾ ਕਿ ਬੇਜ਼ੁਬਾਨ ਜਾਨਵਰਾਂ ਦੀ ਆਵਾਜ਼ ਬਣਨਾ ਸਮਾਜ ਦੀ ਜ਼ਿੰਮੇਵਾਰੀ ਹੈ।
ਇੱਕ ਮਹਿਲਾ ਪ੍ਰਦਰਸ਼ਨਕਾਰੀ, ਜੋ ਆਪਣੇ ਆਪ ਨੂੰ ਅਧਿਆਪਕਾ ਅਤੇ ਐਨੀਮਲ ਐਕਟੀਵਿਸਟ ਦੱਸ ਰਹੀ ਸੀ, ਨੇ ਦਾਅਵਾ ਕੀਤਾ ਕਿ ਇੱਕ ਕੁੱਤੇ ਨੂੰ ਬੈਟਰੀ ਰਿਕਸ਼ੇ ਨਾਲ ਬੰਨ੍ਹ ਕੇ ਘਸੀਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਕੁੱਤੇ ਦੀ ਲੱਤ ਤੋੜ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਾਲਜ ਪ੍ਰਬੰਧਕਾਂ ਕੋਲੋਂ ਮਾਮਲੇ ‘ਤੇ ਸਪੱਸ਼ਟੀਕਰਨ ਮੰਗਣ ਆਏ ਸਨ, ਪਰ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ।
ਦੂਜੇ ਪਾਸੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਕਿਸੇ ਵੀ ਕੁੱਤੇ ਨੂੰ ਨਹੀਂ ਮਾਰਿਆ ਗਿਆ ਅਤੇ ਇਹ ਮਾਮਲਾ “ਪੋਲਿਟਿਕਲੀ ਮੋਟੀਵੇਟਡ” ਹੈ। ਉਨ੍ਹਾਂ ਦੇ ਅਨੁਸਾਰ ਕੁਝ ਲੋਕ ਕਾਲਜ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਡਾ. ਰੰਧਾਵਾ ਨੇ ਦੱਸਿਆ ਕਿ ਕਾਲਜ ਪ੍ਰਬੰਧਕ ਅਤੇ ਸਟਾਫ ਕੈਂਪਸ ਵਿੱਚ ਰਹਿੰਦੇ ਕੁੱਤਿਆਂ ਦੀ ਸੰਭਾਲ ਕਰਦੇ ਹਨ ਅਤੇ ਜ਼ਖ਼ਮੀ ਜਾਨਵਰਾਂ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਇੱਕ ਕੁੱਤਾ ਪਹਿਲਾਂ ਹੀ ਜ਼ਖ਼ਮੀ ਸੀ ਅਤੇ ਕਮਰੇ ਵਿੱਚ ਫਸਣ ਦੌਰਾਨ ਸ਼ੀਸ਼ਾ ਤੋੜ ਕੇ ਬਾਹਰ ਨਿਕਲਣ ਕਾਰਨ ਉਸ ਦੇ ਪੰਜੇ ਜ਼ਖ਼ਮੀ ਹੋਏ ਸਨ।
ਫਿਲਹਾਲ ਮਾਮਲੇ ਨੂੰ ਲੈ ਕੇ ਸ਼ਹਿਰ ਵਿੱਚ ਚਰਚਾ ਤੇਜ਼ ਹੈ ਅਤੇ ਲੋਕ ਸੋਸ਼ਲ ਮੀਡੀਆ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

