June 24, 2026
#Tricity News

ਚੰਡੀਗੜ੍ਹ ‘ਚ ਲੱਗਿਆ ‘ਸ਼ਰਾਬ ਦਾ ਲੰਗਰ’, ਬਰਫ਼ ਦੇ ਗੋਲਿਆਂ ਵਿੱਚ ਮਿਲਾ ਕੇ ਵੰਡੀਆਂ ਗਈਆਂ ਦਾਰੂ ਦੀਆਂ ਪੈਗਾਂ; ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ‘ਚ

ਚੰਡੀਗੜ੍ਹ ਦੇ ਸੈਕਟਰ-9 ਮਾਰਕੀਟ ਵਿੱਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੁੱਲ੍ਹੇਆਮ “ਸ਼ਰਾਬ ਦਾ ਲੰਗਰ” ਲਗਾਇਆ ਗਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਲੋਕ ਲਾਈਨਾਂ ਵਿੱਚ ਖੜ੍ਹ ਕੇ ਬਰਫ਼ ਦੇ ਗੋਲਿਆਂ ਵਿੱਚ ਮਿਲਾਈ ਜਾ ਰਹੀ ਸ਼ਰਾਬ ਦਾ ਮਜ਼ਾ ਲੈ ਰਹੇ ਹਨ। ਮੌਕੇ ‘ਤੇ ਸ਼ਰਾਬ ਦੀਆਂ ਬੋਤਲਾਂ ਖੁੱਲ੍ਹੀਆਂ ਪਈਆਂ ਸਨ ਅਤੇ ਲੋਕਾਂ ਨੂੰ ਖੁੱਲ੍ਹੇਆਮ ਪੈਗ ਵੰਡੇ ਜਾ ਰਹੇ ਸਨ।

ਵੀਡੀਓ ਵਿੱਚ ਇੱਕ ਵਿਅਕਤੀ ਕੈਮਰੇ ਰਾਹੀਂ ਦੱਸਦਾ ਨਜ਼ਰ ਆ ਰਿਹਾ ਹੈ ਕਿ ਇੱਥੇ ਇੱਕ ਨਵਾਂ ਸ਼ਰਾਬ ਦਾ ਠੇਕਾ ਸ਼ਿਫਟ ਹੋਇਆ ਹੈ ਅਤੇ ਉਸਦੀ ਪ੍ਰਮੋਸ਼ਨ ਲਈ “ਸ਼ਰਾਬ ਦਾ ਲੰਗਰ” ਲਗਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਨਵੇਂ ਲਾਂਚ ਹੋਏ ਸ਼ਰਾਬ ਬ੍ਰਾਂਡ ਦੀ ਮਾਰਕੀਟਿੰਗ ਲਈ ਇਹ ਸਟੰਟ ਕੀਤਾ ਗਿਆ ਸੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਖੁੱਲ੍ਹੇਆਮ ਸ਼ਰਾਬ ਪਰੋਸਣਾ ਕਾਨੂੰਨੀ ਤੌਰ ‘ਤੇ ਗਲਤ ਸੀ ਜਾਂ ਨਹੀਂ। ਜਾਣਕਾਰੀ ਮੁਤਾਬਕ ਸਥਾਨਕ ਥਾਣਾ ਪੁਲਿਸ ਨੇ ਇਸ ਮਾਮਲੇ ਵਿੱਚ FIR ਦਰਜ ਕਰ ਲਈ ਹੈ ਅਤੇ ਸੰਬੰਧਤ ਲੋਕਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸੋਸ਼ਲ ਮੀਡੀਆ ‘ਤੇ ਇਸ “ਸ਼ਰਾਬ ਦੇ ਲੰਗਰ” ਨੂੰ ਲੈ ਕੇ ਲੋਕ ਹੈਰਾਨੀ ਜਤਾਹ ਰਹੇ ਹਨ। ਕਈ ਲੋਕਾਂ ਅਤੇ ਸਥਾਨਕ ਵਸਨੀਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਹੈ। ਗੌਰਤਲਬ ਹੈ ਕਿ ਸੈਕਟਰ-9 ਚੰਡੀਗੜ੍ਹ ਦਾ ਇੱਕ ਪੌਸ਼ ਇਲਾਕਾ ਮੰਨਿਆ ਜਾਂਦਾ ਹੈ।