ਪੰਜਾਬ ਵਿੱਚ ਇਸ ਵਾਰ ਬਕਰੀਦ (ਈਦ-ਉਲ-ਅਜ਼ਹਾ) ਦੀ ਛੁੱਟੀ ਨੂੰ ਲੈ ਕੇ ਲੋਕਾਂ ਵਿੱਚ ਉਲਝਣ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਸਰਕਾਰ ਦੇ ਅਧਿਕਾਰਕ ਕੈਲੰਡਰ ਮੁਤਾਬਕ 27 ਮਈ ਨੂੰ ਬਕਰੀਦ ਦੀ ਛੁੱਟੀ ਘੋਸ਼ਿਤ ਕੀਤੀ ਗਈ ਸੀ, ਪਰ ਹੁਣ ਕੇਂਦਰ ਸਰਕਾਰ ਵੱਲੋਂ ਛੁੱਟੀ ਦੀ ਤਾਰੀਖ ਬਦਲ ਕੇ 28 ਮਈ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਚੰਦ ਨਜ਼ਰ ਆਉਣ ਦੀ ਤਾਰੀਖ ਵਿੱਚ ਬਦਲਾਅ ਅਤੇ ਧਾਰਮਿਕ ਰਿਵਾਜਾਂ ਦੇ ਅਧਾਰ ‘ਤੇ ਈਦ-ਉਲ-ਅਜ਼ਹਾ ਦੀ ਨਵੀਂ ਤਾਰੀਖ ਨਿਰਧਾਰਤ ਕੀਤੀ ਗਈ ਹੈ। ਇਸ ਕਾਰਨ ਕੇਂਦਰ ਸਰਕਾਰ ਨੇ ਦਿੱਲੀ ਸਥਿਤ ਕੇਂਦਰੀ ਦਫ਼ਤਰਾਂ ਅਤੇ ਹੋਰ ਕੇਂਦਰੀ ਸੰਸਥਾਵਾਂ ਵਿੱਚ 28 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਹਾਲਾਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਨਵਾਂ ਹੁਕਮ ਜਾਂ ਸੋਧ ਜਾਰੀ ਨਹੀਂ ਕੀਤੀ ਗਈ। ਇਸ ਕਰਕੇ ਸਰਕਾਰੀ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਇਹ ਗੁੰਝਲ ਬਣੀ ਹੋਈ ਹੈ ਕਿ ਪੰਜਾਬ ਵਿੱਚ ਬਕਰੀਦ ਦੀ ਛੁੱਟੀ 27 ਮਈ ਨੂੰ ਹੋਵੇਗੀ ਜਾਂ 28 ਮਈ ਨੂੰ।
ਹੁਣ ਲੋਕ ਪੰਜਾਬ ਸਰਕਾਰ ਦੀ ਅਧਿਕਾਰਕ ਘੋਸ਼ਣਾ ਦੀ ਉਡੀਕ ਕਰ ਰਹੇ ਹਨ, ਤਾਂ ਜੋ ਛੁੱਟੀ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋ ਸਕੇ।

