June 25, 2026
#Punjab News

ਪਟਿਆਲਾ ‘ਚ ਕੂੜੇ ਦੇ ਢੇਰ ਤੋਂ ਨੀਲੇ ਡਰੱਮ ‘ਚ ਮਿਲੀ ਨੌਜਵਾਨ ਲੜਕੀ ਦੀ ਲਾਸ਼, ਕਤਲ ਦਾ ਸ਼ੱਕ

ਪਟਿਆਲਾ ਦੇ ਡੀਸੀਡਬਲਯੂ ਪੁੱਲ ਨੇੜੇ ਮੰਗਲਵਾਰ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕੂੜੇ ਦੇ ਢੇਰ ਕੋਲ ਪਏ ਨੀਲੇ ਡਰੱਮ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ। ਸ਼ੁਰੂਆਤੀ ਜਾਂਚ ਮੁਤਾਬਕ ਲੜਕੀ ਦੀ ਉਮਰ ਕਰੀਬ 15 ਤੋਂ 20 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਪ੍ਰਵਾਸੀ ਹੋ ਸਕਦੀ ਹੈ।

ਜਾਣਕਾਰੀ ਅਨੁਸਾਰ ਲੋਕਾਂ ਨੇ ਕੂੜੇ ਦੇ ਢੇਰ ਕੋਲ ਇੱਕ ਨੀਲਾ ਡਰੱਮ ਵੇਖਿਆ ਜਿਸ ‘ਤੇ ਲਾਲ ਰੰਗ ਦਾ ਢੱਕਣ ਲੱਗਾ ਹੋਇਆ ਸੀ। ਸ਼ੱਕ ਹੋਣ ‘ਤੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਡਰੱਮ ਖੋਲ੍ਹਿਆ ਤਾਂ ਉਸ ਵਿੱਚੋਂ ਲੜਕੀ ਦੀ ਲਾਸ਼ ਮਿਲੀ। ਲੜਕੀ ਦੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਹੱਥ ‘ਤੇ ਖੂਨ ਲੱਗਿਆ ਹੋਇਆ ਸੀ।

ਏਐਸਆਈ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਇੱਕ ਹੱਥ ‘ਤੇ ਅੰਗਰੇਜ਼ੀ ਵਿੱਚ ‘ਨੇਹਾ’ ਨਾਮ ਦਾ ਟੈਟੂ ਬਣਿਆ ਹੋਇਆ ਹੈ, ਜਦਕਿ ਦੂਜੇ ਹੱਥ ‘ਤੇ ਦਿਲ ਦੇ ਨਿਸ਼ਾਨ ਵਿੱਚ N ਅਤੇ A ਲਿਖਿਆ ਹੋਇਆ ਹੈ। ਪੁਲਿਸ ਨੇ ਲਾਸ਼ ਦੀ ਪਛਾਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ, ਜਿਸ ਨੇ ਡਰੱਮ ਅਤੇ ਲਾਸ਼ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਦਾ ਮੰਨਣਾ ਹੈ ਕਿ ਲੜਕੀ ਦਾ ਕਤਲ ਕਰਨ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਡਰੱਮ ਵਿੱਚ ਪਾ ਕੇ ਕੂੜੇ ਦੇ ਢੇਰ ‘ਤੇ ਸੁੱਟਿਆ ਗਿਆ।

ਫਿਲਹਾਲ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ 72 ਘੰਟਿਆਂ ਤੱਕ ਪਛਾਣ ਲਈ ਰੱਖਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।