ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਅੱਜ ਵੋਟਿੰਗ ਦਾ ਕੰਮ ਵੱਡੇ ਪੱਧਰ ‘ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ। ਕੁਝ ਥਾਵਾਂ ‘ਤੇ ਛੋਟੀਆਂ-ਮੋਟੀਆਂ ਝੜਪਾਂ ਅਤੇ ਹੰਗਾਮੇ ਦੀਆਂ ਖ਼ਬਰਾਂ ਸਾਹਮਣੇ ਆਈਆਂ, ਪਰ ਕੁੱਲ ਮਿਲਾ ਕੇ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਸੰਪੰਨ ਹੋਈ।
ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸਮੇਂ ਅਨੁਸਾਰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਲਗਾਤਾਰ ਜਾਰੀ ਰਹੀ। ਪੰਜਾਬ ਦੇ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਲਈ ਵੋਟਿੰਗ ਹੋਈ।
ਸ਼ਾਮ 5 ਵਜੇ ਤੋਂ ਪਹਿਲਾਂ ਪੋਲਿੰਗ ਸਟੇਸ਼ਨਾਂ ‘ਚ ਦਾਖਲ ਹੋਏ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਆਗਿਆ ਦਿੱਤੀ ਗਈ। ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ।
ਚੋਣ ਪ੍ਰਕਿਰਿਆ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਸਿਆਸੀ ਧਿਰਾਂ ਦੇ ਸਮਰਥਕਾਂ ਵਿਚਾਲੇ ਤਕਰਾਰ ਅਤੇ ਧੱਕਾ-ਮੁੱਕੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਹਾਲਾਂਕਿ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਥਿਤੀ ‘ਤੇ ਕਾਬੂ ਪਾ ਲਿਆ ਗਿਆ।
ਇਨ੍ਹਾਂ ਚੋਣਾਂ ਵਿੱਚ ਕੁੱਲ 7555 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਕਰੀਬ 35.45 ਲੱਖ ਵੋਟਰਾਂ ਨੇ ਕੀਤਾ। ਸੂਬੇ ਭਰ ਵਿੱਚ 1,014 ਪੋਲਿੰਗ ਬੂਥ ਬਣਾਏ ਗਏ ਸਨ ਅਤੇ ਲਗਭਗ 35 ਹਜ਼ਾਰ ਚੋਣ ਕਰਮਚਾਰੀ ਡਿਊਟੀ ‘ਤੇ ਤਾਇਨਾਤ ਰਹੇ। ਇਸ ਤੋਂ ਇਲਾਵਾ 32 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ।
ਇਨ੍ਹਾਂ ਚੋਣਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ।
ਹੁਣ ਸਾਰਿਆਂ ਦੀਆਂ ਨਜ਼ਰਾਂ 29 ਮਈ ਨੂੰ ਆਉਣ ਵਾਲੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ।

