ਐੱਸ.ਏ.ਐੱਸ ਨਗਰ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਗੋਬਿੰਦ ਸਿੰਘ ਵੱਲੋਂ ਆਪਣੇ ਬੇਟੇ ਦੇ ਸਹੁਰਾ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕੁਝ ਲੋਕ ਜਬਰਦਸਤੀ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਏ, ਗਾਲੀ-ਗਲੌਚ ਕੀਤੀ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ। ਇਸ ਸਬੰਧੀ ਮਟੌਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਕਾਇਤ ਅਨੁਸਾਰ ਹਰਗੋਬਿੰਦ ਸਿੰਘ ਦੇ ਵੱਡੇ ਪੁੱਤਰ ਕੁਲਦੀਪ ਰਾਜ ਸਿੰਘ ਦਾ ਵਿਆਹ ਹਰਪ੍ਰੀਤ ਸਿੰਘ ਦੀ ਧੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਕਾਰ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਨੂੰ ਸੁਲਝਾਉਣ ਲਈ ਦੋਵੇਂ ਪਰਿਵਾਰਾਂ ਵਿਚਕਾਰ ਪੰਚਾਇਤੀ ਬੈਠਕ ਰੱਖੀ ਗਈ ਸੀ।
ਹਰਗੋਬਿੰਦ ਸਿੰਘ ਦਾ ਦੋਸ਼ ਹੈ ਕਿ ਇਸ ਦੌਰਾਨ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਕੁਝ ਵਿਅਕਤੀ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਥੇ ਗਾਲੀ-ਗਲੌਚ ਕਰਦਿਆਂ ਮਾਰਕੁੱਟ ਕੀਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਦੋਸ਼ੀਆਂ ਨੇ ਉਨ੍ਹਾਂ ਦੇ ਪੋਤੇ ਗੁਰਪ੍ਰਤਾਪ ਸਿੰਘ ਨੂੰ ਜਬਰਦਸਤੀ ਗੱਡੀ ਵਿੱਚ ਬਿਠਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਨਿਕਲਿਆ।
ਸਾਬਕਾ ਡੀ.ਆਈ.ਜੀ. ਨੇ ਇਹ ਵੀ ਕਿਹਾ ਕਿ ਘਟਨਾ ਦੌਰਾਨ ਕੁਝ ਲੋਕ ਉਨ੍ਹਾਂ ਦੇ ਪਰਿਵਾਰ ਦੀਆਂ ਸੋਨੇ ਦੀਆਂ ਚੀਜ਼ਾਂ ਵੀ ਨਾਲ ਲੈ ਗਏ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

