June 23, 2026
#Tricity News

ਭਾਰਤੀ ਹਵਾਈ ਸੈਨਾ ਨੂੰ ਮਿਲਿਆ ‘ਸੁਦਰਸ਼ਨ ਚੱਕਰ’, S-400 ਦਾ ਚੌਥਾ ਸਕਵਾਡਰਨ ਭਾਰਤ ਪਹੁੰਚਿਆ

ਭਾਰਤ ਦੀ ਹਵਾਈ ਸੁਰੱਖਿਆ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਰੂਸ ਤੋਂ ਆ ਰਿਹਾ ਅਤਿਆਧੁਨਿਕ S-400 ਏਅਰ ਡਿਫੈਂਸ ਮਿਸਾਈਲ ਸਿਸਟਮ ਦਾ ਚੌਥਾ ਸਕਵਾਡਰਨ ਸੋਮਵਾਰ ਨੂੰ ਭਾਰਤ ਪਹੁੰਚ ਗਿਆ। ਭਾਰਤੀ ਹਵਾਈ ਸੈਨਾ ਵਿੱਚ ‘ਸੁਦਰਸ਼ਨ ਚੱਕਰ’ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਸਿਸਟਮ ਦੁਨੀਆ ਦੇ ਸਭ ਤੋਂ ਖਤਰਨਾਕ ਅਤੇ ਆਧੁਨਿਕ ਏਅਰ ਡਿਫੈਂਸ ਸਿਸਟਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਰੱਖਿਆ ਸੂਤਰਾਂ ਮੁਤਾਬਕ S-400 ਸਿਸਟਮ ਦਾ ਪਹਿਲਾ ਹਿੱਸਾ ਭਾਰਤੀ ਬੰਦਰਗਾਹ ‘ਤੇ ਪਹੁੰਚ ਚੁੱਕਾ ਹੈ, ਜਦਕਿ ਬਾਕੀ ਸਾਜੋ-ਸਾਮਾਨ ਅਤੇ ਮਿਸਾਈਲਾਂ ਅਗਲੇ ਕੁਝ ਦਿਨਾਂ ਵਿੱਚ ਵੱਖ-ਵੱਖ ਪੜਾਅ ਵਿੱਚ ਭਾਰਤ ਲਿਆਂਦੀਆਂ ਜਾਣਗੀਆਂ। ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਇਸ ਸਿਸਟਮ ਨੂੰ ਪੱਛਮੀ ਸਰਹੱਦ, ਖਾਸ ਕਰਕੇ ਰਾਜਸਥਾਨ ਅਤੇ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ।

2018 ਦੇ ਰੱਖਿਆ ਸਮਝੌਤੇ ਦਾ ਹਿੱਸਾ

ਇਹ ਡਿਲੀਵਰੀ ਭਾਰਤ ਅਤੇ ਰੂਸ ਵਿਚਾਲੇ 2018 ਵਿੱਚ ਹੋਏ ਕਰੀਬ 35 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸਮਝੌਤੇ ਦਾ ਹਿੱਸਾ ਹੈ। ਇਸ ਡੀਲ ਤਹਿਤ ਭਾਰਤ ਨੂੰ ਕੁੱਲ ਪੰਜ S-400 ਸਕਵਾਡਰਨ ਮਿਲਣੇ ਹਨ। ਇਨ੍ਹਾਂ ਵਿੱਚੋਂ ਤਿੰਨ ਸਕਵਾਡਰਨ ਪਹਿਲਾਂ ਹੀ ਭਾਰਤ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਉੱਤਰੀ ਅਤੇ ਪੂਰਬੀ ਸਰਹੱਦਾਂ ‘ਤੇ ਤਾਇਨਾਤ ਕੀਤਾ ਗਿਆ ਹੈ।

‘ਆਪਰੇਸ਼ਨ ਸਿੰਦੂਰ’ ਵਿੱਚ ਦਿਖਾਇਆ ਜਲਵਾ

ਮਈ 2025 ਵਿੱਚ ਹੋਏ ‘ਆਪਰੇਸ਼ਨ ਸਿੰਦੂਰ’ ਦੌਰਾਨ S-400 ਸਿਸਟਮ ਨੇ ਪਾਕਿਸਤਾਨੀ ਡਰੋਨਾਂ ਅਤੇ ਕਰੂਜ਼ ਮਿਸਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਸੀ। ਭਾਰਤੀ ਹਵਾਈ ਸੈਨਾ ਨੇ ਇਸ ਨੂੰ ਸੈਨਿਕ ਇਤਿਹਾਸ ਦਾ ਸਭ ਤੋਂ ਲੰਬਾ ਏਅਰ ਕਿਲ ਕਰਾਰ ਦਿੱਤਾ ਸੀ।

S-400 ਦੀਆਂ ਖਾਸ ਖੂਬੀਆਂ

🔹 400 ਕਿਲੋਮੀਟਰ ਦੂਰ ਤੱਕ ਦੁਸ਼ਮਣ ਦੇ ਜਹਾਜ਼ਾਂ ਅਤੇ ਮਿਸਾਈਲਾਂ ਨੂੰ ਨਸ਼ਟ ਕਰਨ ਦੀ ਸਮਰੱਥਾ
🔹 600 ਕਿਲੋਮੀਟਰ ਰੇਂਜ ਵਾਲਾ ਸ਼ਕਤੀਸ਼ਾਲੀ ਰਡਾਰ
🔹 ਇੱਕੋ ਸਮੇਂ 80 ਤੋਂ 300 ਟਾਰਗੇਟ ਟ੍ਰੈਕ ਕਰਨ ਦੀ ਸਮਰੱਥਾ
🔹 ਬੈਲਿਸਟਿਕ ਅਤੇ ਹਾਈਪਰਸੋਨਿਕ ਮਿਸਾਈਲਾਂ ਨੂੰ ਵੀ ਰੋਕ ਸਕਦਾ ਹੈ
🔹 ਸਿਰਫ 5 ਮਿੰਟ ਵਿੱਚ ਆਪਰੇਸ਼ਨ ਲਈ ਤਿਆਰ ਹੋ ਜਾਂਦਾ ਹੈ

‘ਪ੍ਰੋਜੈਕਟ ਕੁਸ਼ਾ’ ‘ਤੇ ਵੀ ਤੇਜ਼ੀ ਨਾਲ ਕੰਮ

ਭਾਰਤ ਹੁਣ ਆਪਣੇ ਸਵਦੇਸ਼ੀ ਏਅਰ ਡਿਫੈਂਸ ਸਿਸਟਮ ‘ਪ੍ਰੋਜੈਕਟ ਕੁਸ਼ਾ’ ‘ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਲਗਭਗ 21,700 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਤਹਿਤ 150, 250 ਅਤੇ 400 ਕਿਲੋਮੀਟਰ ਰੇਂਜ ਵਾਲੀਆਂ ਮਿਸਾਈਲਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਮੀਦ ਹੈ ਕਿ ਇਹ ਸਿਸਟਮ 2028 ਤੋਂ 2030 ਦੇ ਵਿਚਕਾਰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋ ਜਾਵੇਗਾ।

ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ S-400 ਅਤੇ ‘ਪ੍ਰੋਜੈਕਟ ਕੁਸ਼ਾ’ ਮਿਲ ਕੇ ਭਾਰਤ ਦੇ ਆਸਮਾਨ ਨੂੰ ਦੁਸ਼ਮਣਾਂ ਲਈ ਲਗਭਗ ਅਭੇਦ ਬਣਾ ਦੇਣਗੇ।