August 12, 2026
#Tricity News

PM ਮੋਦੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਟਰੈਫਿਕ ਐਡਵਾਈਜ਼ਰੀ ਜਾਰੀ, 17 ਜੁਲਾਈ ਨੂੰ ਕਈ ਮੁੱਖ ਰੂਟ ਰਹਿਣਗੇ ਬੰਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ ਮੁਹਾਲੀ ਟਰੈਫਿਕ ਪੁਲਿਸ ਨੇ ਵਿਸ਼ੇਸ਼ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਲਾਗੂ ਰਹੇਗੀ। ਇਸ ਦੌਰਾਨ ਕਈ ਮੁੱਖ ਰੂਟਾਂ ‘ਤੇ ਆਵਾਜਾਈ ਬੰਦ ਰਹੇਗੀ ਅਤੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾਵੇਗਾ।

ਟਰੈਫਿਕ ਪੁਲਿਸ ਮੁਤਾਬਕ, ਚੰਡੀਗੜ੍ਹ ਤੋਂ ਕਰੋਰਾਂ/ਫੋਰੈਸਟ ਹਿਲਜ਼ ਅਤੇ ਕਰੋਰਾਂ ਤੋਂ ਚੰਡੀਗੜ੍ਹ ਆਉਣ ਵਾਲੀ ਟਰੈਫਿਕ ਨੂੰ ਨਾਡਾ ਰੋਡ-ਪੁਲ ਰਾਹੀਂ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ, ਚੰਡੀਗੜ੍ਹ ਲੇਕ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ (PEC) ਤੋਂ ਨਵਾਂਗਰਾਓਂ ਜਾਣ ਵਾਲੇ ਵਾਹਨਾਂ ਨੂੰ ਕੈਂਬਵਾਲਾ ਰੋਡ ਰਾਹੀਂ ਭੇਜਿਆ ਜਾਵੇਗਾ।

ਇਹ ਰੂਟ ਰਹਿਣਗੇ ਬੰਦ

ਦੁਪਹਿਰ 12 ਤੋਂ 3 ਵਜੇ ਤੱਕ ਹੇਠ ਲਿਖੇ ਰੂਟਾਂ ‘ਤੇ ਆਵਾਜਾਈ ਬੰਦ ਰਹੇਗੀ:

  • ਨਾਡਾ ਰੋਡ/ਪੁਲ ਤੋਂ ਨਵਾਂਗਰਾਓਂ ਜਾਣ ਵਾਲਾ ਰਸਤਾ
  • ਫੋਰੈਸਟ ਹਿਲਜ਼–ਕਰੋਰਾਂ ਰੋਡ ਤੋਂ ਨਵਾਂਗਰਾਓਂ ਵੱਲ ਜਾਣ ਵਾਲਾ ਰੂਟ
  • ਕੰਸਲ ਰੋਡ ਅਤੇ ਖੁੱਡਾ ਅਲੀਸ਼ੇਰ ਰੋਡ ਤੋਂ ਨਵਾਂਗਰਾਓਂ ਵੱਲ ਜਾਣ ਵਾਲੇ ਰਸਤੇ
  • ਪੀਜੀਆਈ (PGIMER) ਅਤੇ ਪੰਜਾਬ ਇੰਜੀਨੀਅਰਿੰਗ ਕਾਲਜ (PEC) ਤੋਂ ਨਵਾਂਗਰਾਓਂ ਵੱਲ ਜਾਣ ਵਾਲੇ ਸਾਰੇ ਰੂਟ

ਇਸ ਸਮੇਂ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

ਲੋਕਾਂ ਲਈ ਪੁਲਿਸ ਦੀ ਅਪੀਲ

ਟਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਰੀ ਕੀਤੇ ਗਏ ਡਾਇਵਰਸ਼ਨ ਦੀ ਪਾਲਣਾ ਕਰਨ, ਬਦਲਵੇਂ ਰੂਟਾਂ ਦੀ ਵਰਤੋਂ ਕਰਨ ਅਤੇ ਡਿਊਟੀ ‘ਤੇ ਤਾਇਨਾਤ ਟਰੈਫਿਕ ਮੁਲਾਜ਼ਮਾਂ ਨਾਲ ਸਹਿਯੋਗ ਕਰਨ, ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ।

ਪੰਚਕੂਲਾ ਵਿੱਚ ਸੁਰੱਖਿਆ ਹੋਰ ਸਖ਼ਤ

ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਪੰਚਕੂਲਾ ਵਿੱਚ ਵੀ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ। 9 ਅੰਤਰਰਾਜੀ ਸਰਹੱਦੀ ਚੈਕ ਪੋਸਟਾਂ ਸਮੇਤ ਕੁੱਲ 18 ਪੁਲਿਸ ਨਾਕਿਆਂ ‘ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ ‘ਤੇ ਹਰ ਸ਼ੱਕੀ ਵਾਹਨ, ਵਿਅਕਤੀ ਅਤੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।