August 13, 2026
#Tricity News

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਵਿਰਾਸਤ: ਤਿੰਨ ਪੀੜ੍ਹੀਆਂ ਤੋਂ ਇਨਸਾਫ਼ ਅਤੇ ਹੱਕਾਂ ਦੀ ਲੜਾਈ ਦਾ ਇਤਿਹਾਸ

ਪੰਜਾਬ ਦੇ ਕਾਲੇ ਦੌਰ ਦੌਰਾਨ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਦੇ ਸਸਕਾਰ ਨਾਲ ਜੁੜੇ ਮਾਮਲਿਆਂ ਨੂੰ ਦੁਨੀਆ ਸਾਹਮਣੇ ਲਿਆਉਣ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਦਲੇਰੀ ਪਿੱਛੇ ਉਨ੍ਹਾਂ ਦੇ ਪਰਿਵਾਰ ਦੀ ਤਿੰਨ ਪੀੜ੍ਹੀਆਂ ਦੀ ਸੰਘਰਸ਼ਮਈ ਵਿਰਾਸਤ ਰਹੀ ਹੈ। ਪਰਿਵਾਰ ਨੇ ਵੱਖ-ਵੱਖ ਦੌਰਾਂ ਵਿੱਚ ਜ਼ੁਲਮ ਅਤੇ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।

ਮਨੁੱਖੀ ਅਧਿਕਾਰ ਕਾਰਕੁਨ ਰਾਮ ਨਰਾਇਣ ਕੁਮਾਰ, ਅਮਰੀਕ ਸਿੰਘ, ਅਸ਼ੋਕ ਅਗਰਵਾਲ ਅਤੇ ਜਸਕਰਨ ਕੌਰ ਵੱਲੋਂ ਲਿਖੀ ਕਿਤਾਬ ‘Reduced to Ashes’ ਵਿੱਚ ਖਾਲੜਾ ਪਰਿਵਾਰ ਦੇ ਇਸ ਇਤਿਹਾਸ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਨਾਲ ਜੁੜੀਆਂ ਜੜ੍ਹਾਂ

ਕਿਤਾਬ ਮੁਤਾਬਕ, ਤਰਨਤਾਰਨ ਦੇ ਸਰਹੱਦੀ ਪਿੰਡ ਖਾਲੜਾ ਨਾਲ ਸੰਬੰਧਤ ਇਸ ਪਰਿਵਾਰ ਦੀਆਂ ਜੜ੍ਹਾਂ 1714 ਤੱਕ ਪਹੁੰਚਦੀਆਂ ਹਨ। ਦੱਸਿਆ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਗਲ ਹਕੂਮਤ ਖ਼ਿਲਾਫ਼ ਬਣਾਈ ਗਈ ਕਿਸਾਨ ਫੌਜ ਵਿੱਚ ਜਸਵੰਤ ਸਿੰਘ ਖਾਲੜਾ ਦੇ ਪੂਰਵਜ ਸਰਦਾਰ ਸੂਰਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ। ਅੱਜ ਵੀ ਪਿੰਡ ਖਾਲੜਾ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਯਾਦਗਾਰ ਮੌਜੂਦ ਹੈ।

ਗ਼ਦਰ ਲਹਿਰ ਨਾਲ ਵੀ ਰਿਹਾ ਪਰਿਵਾਰ ਦਾ ਨਾਤਾ

ਖਾਲੜਾ ਪਰਿਵਾਰ ਦੀ ਦੂਜੀ ਪੀੜ੍ਹੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਯੋਗਦਾਨ ਪਾਇਆ। ਜਸਵੰਤ ਸਿੰਘ ਖਾਲੜਾ ਦੇ ਦਾਦਾ ਹਰਨਾਮ ਸਿੰਘ ਰੁਜ਼ਗਾਰ ਦੀ ਭਾਲ ਵਿੱਚ ਸ਼ੰਘਾਈ ਗਏ, ਜਿੱਥੇ ਉਹ ਬਾਬਾ ਗੁਰਦਿੱਤ ਸਿੰਘ ਅਤੇ ਗ਼ਦਰ ਲਹਿਰ ਦੇ ਕ੍ਰਾਂਤੀਕਾਰੀਆਂ ਨਾਲ ਜੁੜ ਗਏ।

ਸਾਲ 1915 ਵਿੱਚ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਇਆ। ਹਾਲਾਂਕਿ ਉਹ ਅਦਾਲਤ ਤੋਂ ਬਰੀ ਹੋ ਗਏ, ਪਰ ਉਨ੍ਹਾਂ ਨੂੰ 1922 ਤੱਕ ਆਪਣੇ ਹੀ ਪਿੰਡ ਖਾਲੜਾ ਵਿੱਚ ਨਜ਼ਰਬੰਦ ਰੱਖਿਆ ਗਿਆ। ਇਸੇ ਦੌਰਾਨ 1917 ਵਿੱਚ ਜਸਵੰਤ ਸਿੰਘ ਖਾਲੜਾ ਦੇ ਪਿਤਾ ਕਰਤਾਰ ਸਿੰਘ ਦਾ ਜਨਮ ਹੋਇਆ। ਨਜ਼ਰਬੰਦੀ ਖ਼ਤਮ ਹੋਣ ਤੋਂ ਬਾਅਦ ਹਰਨਾਮ ਸਿੰਘ ਮੁੜ ਸ਼ੰਘਾਈ ਚਲੇ ਗਏ ਅਤੇ ਫਿਰ ਭਾਰਤ ਵਾਪਸ ਨਹੀਂ ਆਏ।

ਇਨਸਾਫ਼ ਲਈ ਸਮਰਪਿਤ ਰਹੀ ਤੀਜੀ ਪੀੜ੍ਹੀ

ਪਰਿਵਾਰ ਦੀ ਇਸੇ ਸੰਘਰਸ਼ਮਈ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਨਾਲ ਜੁੜੇ ਸੰਵੇਦਨਸ਼ੀਲ ਮਾਮਲਿਆਂ ਨੂੰ ਉਜਾਗਰ ਕੀਤਾ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੀ ਵਿਰਾਸਤ ਅੱਜ ਵੀ ਮਨੁੱਖੀ ਅਧਿਕਾਰਾਂ ਅਤੇ ਸੱਚ ਲਈ ਸੰਘਰਸ਼ ਦੀ ਇੱਕ ਮਿਸਾਲ ਮੰਨੀ ਜਾਂਦੀ ਹੈ।