August 12, 2026
#Tricity News

ਮੁਹਾਲੀ ‘ਚ ਪੁਲਿਸ ਮੁਕਾਬਲੇ ਮਗਰੋਂ ANTF ਟੀਮ ‘ਤੇ ਹਮਲੇ ਦੇ ਤਿੰਨ ਮੁਲਜ਼ਮ ਕਾਬੂ, ਦੋ ਨੇ ਅਦਾਲਤ ‘ਚ ਕੀਤਾ ਆਤਮ-ਸਮਰਪਣ

ਮੁਹਾਲੀ ਵਿੱਚ ਬੀਤੇ ਸ਼ਨੀਵਾਰ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਦੀ ਟੀਮ ‘ਤੇ ਹਮਲਾ ਕਰਕੇ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਮੁਕਾਬਲੇ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਨੇ ਮੁਹਾਲੀ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ।

ਪੁਲਿਸ ਮੁਕਾਬਲੇ ਦੌਰਾਨ ਦੋ ਮੁਲਜ਼ਮ ਜ਼ਖ਼ਮੀ

ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਈਟੀ ਸਿਟੀ ਖੇਤਰ ਵਿੱਚ ਮੌਜੂਦ ਹਨ। ਪੁਲਿਸ ਵੱਲੋਂ ਪਿੱਛਾ ਕਰਨ ‘ਤੇ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਥਾਣਾ ਸੋਹਾਣਾ ਦੇ ਐੱਸਐੱਚਓ ਦੀ ਗੱਡੀ ‘ਤੇ ਗੋਲੀਬਾਰੀ ਕਰ ਦਿੱਤੀ।

ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਲਖਵਿੰਦਰ ਸਿੰਘ ਅਤੇ ਜਸਕਰਨ ਸਿੰਘ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਪੁਲਿਸ ਨੇ ਗਗਨ, ਲਖਵਿੰਦਰ ਸਿੰਘ ਅਤੇ ਜਸਕਰਨ ਸਿੰਘ ਨੂੰ ਕਾਬੂ ਕਰ ਲਿਆ।

ਦੋ ਪਿਸਤੌਲ ਬਰਾਮਦ, ਨਸ਼ਾ ਤਸਕਰੀ ਨਾਲ ਜੁੜੇ ਹੋਣ ਦਾ ਦਾਅਵਾ

ਐੱਸਐੱਸਪੀ ਮੁਤਾਬਕ, ਮੁਲਜ਼ਮਾਂ ਨੇ ਪੁਲਿਸ ‘ਤੇ 5 ਤੋਂ 6 ਰਾਊਂਡ ਫਾਇਰਿੰਗ ਕੀਤੀ। ਮੌਕੇ ਤੋਂ 32 ਬੋਰ ਦੇ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਹਨ ਅਤੇ ਉਹ ਗੀਗੇਮਾਜਰਾ ਅਤੇ ਤੰਗੌਰੀ ਖੇਤਰ ਦੇ ਪਿੰਡਾਂ ਦੇ ਵਸਨੀਕ ਹਨ। ਦੋਵੇਂ ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਮਾਮਲੇ ਦੀ ਜਾਂਚ ਜਾਰੀ

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸੋਹਾਣਾ ਵਿੱਚ ਪਹਿਲਾਂ ਹੀ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਪੁਲਿਸ ਹੁਣ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਲਿਆਂਦੇ ਜਾ ਸਕਣ।