August 12, 2026
#Tricity News

Amritpal Singh Protest: ਚੰਡੀਗੜ੍ਹ ਮਾਰਚ ਦੌਰਾਨ ਤਣਾਅ, ਵਾਟਰ ਕੈਨਨ ‘ਤੇ ਚੜ੍ਹਿਆ ਪ੍ਰਦਰਸ਼ਨਕਾਰੀ; CM ਹਾਊਸ ਨੇੜੇ ਸੁਰੱਖਿਆ ਸਖ਼ਤ

ਚੰਡੀਗੜ੍ਹ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ਵਾਰਿਸ ਪੰਜਾਬ ਦੇ’ ਵੱਲੋਂ ਕੱਢੇ ਗਏ ਚੰਡੀਗੜ੍ਹ ਮਾਰਚ ਦੌਰਾਨ ਬੁੱਧਵਾਰ ਨੂੰ ਚੰਡੀਗੜ੍ਹ-ਮੁਹਾਲੀ ਸਰਹੱਦ ‘ਤੇ ਤਣਾਅਪੂਰਨ ਸਥਿਤੀ ਬਣ ਗਈ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਪੁਲੀਸ ਦੀ ਵਾਟਰ ਕੈਨਨ ਵਾਲੀ ਗੱਡੀ ‘ਤੇ ਚੜ੍ਹ ਗਿਆ, ਜਿਸ ਨਾਲ ਮੌਕੇ ‘ਤੇ ਹੰਗਾਮਾ ਹੋ ਗਿਆ।

ਹਜ਼ਾਰਾਂ ਪ੍ਰਦਰਸ਼ਨਕਾਰੀ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਮਾਰਚ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਵੱਲ ਵਧ ਰਹੇ ਸਨ। ਚੰਡੀਗੜ੍ਹ ਸਰਹੱਦ ‘ਤੇ ਪੁਲੀਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਖਿੱਚੋਤਾਣ ਦੀ ਸਥਿਤੀ ਬਣੀ ਰਹੀ।

ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਪੁਲੀਸ ਨੇ ਸੰਸਦ ਮੈਂਬਰ ਸਰਬਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਸਮੇਤ 4 ਤੋਂ 5 ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਹੀਰਾ ਚੌਂਕ ਵਿਖੇ ਪ੍ਰਦਰਸ਼ਨ ਵਾਲੀ ਥਾਂ ਛੱਡ ਦਿੱਤਾ ਗਿਆ।

ਇਸ ਤੋਂ ਪਹਿਲਾਂ ‘ਵਾਰਿਸ ਪੰਜਾਬ ਦੇ’ ਨਾਲ ਜੁੜੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ਾਂਤਮਈ ਮਾਰਚ ਸ਼ੁਰੂ ਕੀਤਾ ਸੀ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਮਾਰਚ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰਦਿਆਂ ਕਈ ਮੁੱਖ ਰਸਤਿਆਂ ‘ਤੇ ਆਵਾਜਾਈ ਬੰਦ ਜਾਂ ਡਾਇਵਰਟ ਕੀਤੀ। ਯੂ.ਟੀ.-ਮੁਹਾਲੀ ਸਰਹੱਦ, ਸੈਕਟਰ 50/51 ਚੌਂਕ, ਸਰੋਵਰ ਪੱਥ, ਗਊਸ਼ਾਲਾ ਚੌਂਕ ਅਤੇ ISBT-43 ਦੇ ਆਲੇ-ਦੁਆਲੇ ਟਰੈਫਿਕ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਬੱਸਾਂ ਨੂੰ ਵੀ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਚੰਡੀਗੜ੍ਹ ਟਰੈਫਿਕ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਰਸਤਿਆਂ ਤੋਂ ਬਚਣ, ਬਦਲਵੇਂ ਮਾਰਗਾਂ ਦੀ ਵਰਤੋਂ ਕਰਨ ਅਤੇ ਤਾਜ਼ਾ ਟਰੈਫਿਕ ਜਾਣਕਾਰੀ ਲਈ ਪੁਲੀਸ ਦੇ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਜ਼ਰ ਰੱਖਣ।