August 12, 2026
#Tricity News

ਚੰਡੀਗੜ੍ਹ ‘ਚ ਪ੍ਰੀਖਿਆ ਦੇ ਤਣਾਅ ਕਾਰਨ 15 ਸਾਲਾ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਚੰਡੀਗੜ੍ਹ ਦੀ ਬਾਪੂ ਧਾਮ ਕਲੋਨੀ ਵਿੱਚ ਪ੍ਰੀਖਿਆ ਦੇ ਤਣਾਅ ਕਾਰਨ 11ਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਨੇ ਆਪਣੇ ਘਰ ਵਿੱਚ ਪੱਖੇ ਦੀ ਹੁੱਕ ਨਾਲ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਪੁਲਿਸ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 8:30 ਵਜੇ ਘਟਨਾ ਦੀ ਸੂਚਨਾ ਮਿਲਣ ‘ਤੇ ਸਟੇਸ਼ਨ ਹਾਊਸ ਅਫਸਰ ਰਾਮ ਰਤਨ ਸ਼ਰਮਾ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਵਿਦਿਆਰਥਣ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਲੜਕੀ ਸੈਕਟਰ-29 ਦੇ ਟ੍ਰਿਬਿਊਨ ਮਾਡਲ ਸਕੂਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ। ਹਾਲ ਹੀ ਵਿੱਚ ਹੋਈ ਪ੍ਰੀਖਿਆ ਵਿੱਚ ਉਮੀਦ ਅਨੁਸਾਰ ਨਤੀਜੇ ਨਾ ਆਉਣ ਕਾਰਨ ਉਹ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸੀ।

ਸ਼ੁੱਕਰਵਾਰ ਸਵੇਰੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਪਣੇ ਕਮਰੇ ਵਿੱਚ ਪੱਖੇ ਨਾਲ ਲਟਕਿਆ ਹੋਇਆ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।