August 12, 2026
#Punjab News

Punjab News: IAS ਅਧਿਕਾਰੀ ਦੇ ਜਾਅਲੀ ਦਸਤਖ਼ਤ ਕਰਕੇ 25 ਲੱਖ ਦੀ ਹੇਰਾਫੇਰੀ, ਜ਼ਿਲ੍ਹਾ ਪਰਿਸ਼ਦ ਦੇ ਦੋ ਕਰਮਚਾਰੀ ਮੁਅੱਤਲ

ਮਾਨਸਾ: ਪੰਜਾਬ ਦੇ ਮਾਨਸਾ ਜ਼ਿਲ੍ਹਾ ਪਰਿਸ਼ਦ ਵਿੱਚ ਸਰਕਾਰੀ ਫੰਡਾਂ ਦੀ ਕਥਿਤ ਹੇਰਾਫੇਰੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋ ਕਰਮਚਾਰੀਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇੱਕ ਆਈਏਐਸ ਅਧਿਕਾਰੀ ਦੇ ਜਾਅਲੀ ਦਸਤਖ਼ਤ ਕਰਕੇ ਕਰੀਬ 25 ਲੱਖ ਰੁਪਏ ਸਰਕਾਰੀ ਖਾਤੇ ਵਿੱਚੋਂ ਆਪਣੇ ਨਿੱਜੀ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੈਂਕ ਅਧਿਕਾਰੀਆਂ ਨੇ ਇੱਕ ਵੱਡੀ ਰਕਮ ਕੱਢਣ ਦੀ ਕੋਸ਼ਿਸ਼ ਦੌਰਾਨ ਸ਼ੱਕ ਜਤਾਇਆ।

ਜਾਣਕਾਰੀ ਅਨੁਸਾਰ, ਜ਼ਿਲ੍ਹਾ ਪਰਿਸ਼ਦ ਦੇ ਲੇਖਾਕਾਰ ਰਾਕੇਸ਼ ਕੁਮਾਰ ਅਤੇ ਕਲਰਕ ਰਾਮਪਾਲ ਨੇ ਕਥਿਤ ਤੌਰ ‘ਤੇ ਤਤਕਾਲੀ ਏਡੀਸੀ (ਵਿਕਾਸ) ਅਕਾਸ਼ ਬਾਂਸਲ ਦੇ ਜਾਅਲੀ ਦਸਤਖ਼ਤ ਕਰਕੇ ਪਹਿਲਾਂ 21 ਲੱਖ ਰੁਪਏ ਅਤੇ ਬਾਅਦ ਵਿੱਚ 4 ਲੱਖ ਰੁਪਏ ਸਰਕਾਰੀ ਖਾਤੇ ਵਿੱਚੋਂ ਆਪਣੇ ਨਿੱਜੀ ਖਾਤਿਆਂ ਵਿੱਚ ਟਰਾਂਸਫਰ ਕਰਵਾਏ।

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਦੋਵੇਂ ਕਰਮਚਾਰੀਆਂ ਨੇ ਆਪਣੇ ਖਾਤਿਆਂ ਵਿੱਚੋਂ ਰਕਮ ਕੱਢਣ ਲਈ ਬੈਂਕ ਵਿੱਚ ਚੈੱਕ ਪੇਸ਼ ਕੀਤਾ। ਬੈਂਕ ਅਧਿਕਾਰੀਆਂ ਨੂੰ ਲੈਣ-ਦੇਣ ਸ਼ੱਕੀ ਲੱਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਜਾਂਚ ਦੌਰਾਨ ਕਥਿਤ ਗੜਬੜੀ ਦੀ ਪੁਸ਼ਟੀ ਹੋਈ।

ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਚੁਸਪਿੰਦਰਵੀਰ ਸਿੰਘ ਚਹਿਲ ਨੇ ਦੱਸਿਆ ਕਿ ਦੋਵੇਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਅਤੇ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਜਾਰੀ ਹੈ।

ਪ੍ਰਸ਼ਾਸਨ ਮੁਤਾਬਕ ਮੁਲਜ਼ਮਾਂ ਨੇ ਤਤਕਾਲੀ ਏਡੀਸੀ ਦੇ ਤਬਾਦਲੇ ਦਾ ਫਾਇਦਾ ਚੁੱਕਦਿਆਂ ਇਸ ਕਥਿਤ ਹੇਰਾਫੇਰੀ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ 10 ਲੱਖ ਰੁਪਏ ਦੀ ਰਿਕਵਰੀ ਹੋ ਚੁੱਕੀ ਹੈ, ਜਦਕਿ ਬਾਕੀ ਰਕਮ ਦੀ ਵਸੂਲੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।