August 12, 2026
#Punjab News

Punjab Voter List: ਪੰਜਾਬ ‘ਚ ਕਰੀਬ 20 ਲੱਖ ਵੋਟਰਾਂ ਦੀ ਮੈਂਬਰਸ਼ਿਪ ‘ਤੇ ਸਵਾਲ, ਵਿਸ਼ੇਸ਼ ਸੁਧਾਈ ਦਾ ਪਹਿਲਾ ਪੜਾਅ ਮੁਕੰਮਲ

ਚੰਡੀਗੜ੍ਹ: ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (Special Intensive Revision – SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਕਰੀਬ 20 ਲੱਖ ਵੋਟਰਾਂ ਨੇ ਅਜੇ ਤੱਕ ਆਪਣੇ ਗਿਣਤੀ ਫਾਰਮ ਜਮ੍ਹਾਂ ਨਹੀਂ ਕਰਵਾਏ, ਜਿਸ ਕਾਰਨ ਉਨ੍ਹਾਂ ਦੇ ਨਾਂ ਵੋਟਰ ਸੂਚੀ ਵਿੱਚ ਬਣੇ ਰਹਿਣ ‘ਤੇ ਸਵਾਲ ਖੜ੍ਹੇ ਹੋ ਗਏ ਹਨ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਵਿਸ਼ੇਸ਼ ਸੁਧਾਈ ਸ਼ੁਰੂ ਹੋਣ ਸਮੇਂ ਸੂਬੇ ਵਿੱਚ ਕੁੱਲ 2.14 ਕਰੋੜ ਵੋਟਰ ਦਰਜ ਸਨ। ਇਨ੍ਹਾਂ ਵਿੱਚੋਂ 1.93 ਕਰੋੜ (90.37%) ਵੋਟਰਾਂ ਨੇ ਆਪਣੇ ਗਿਣਤੀ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ, ਜਦਕਿ ਲਗਭਗ 20 ਲੱਖ (9.63%) ਵੋਟਰਾਂ ਵੱਲੋਂ ਇਹ ਪ੍ਰਕਿਰਿਆ ਅਜੇ ਪੂਰੀ ਨਹੀਂ ਕੀਤੀ ਗਈ।

ਚੋਣ ਵਿਭਾਗ ਦੇ ਅੰਕੜਿਆਂ ਮੁਤਾਬਕ, ਫਾਰਮ ਜਮ੍ਹਾਂ ਨਾ ਕਰਵਾਉਣ ਵਾਲਿਆਂ ਵਿੱਚੋਂ 9.44 ਲੱਖ ਵੋਟਰ ਹੋਰ ਥਾਵਾਂ ‘ਤੇ ਸ਼ਿਫਟ ਹੋ ਚੁੱਕੇ ਹਨ, 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, 1.19 ਲੱਖ ਡੁਪਲੀਕੇਟ ਐਂਟਰੀਆਂ ਸਾਹਮਣੇ ਆਈਆਂ ਹਨ, ਜਦਕਿ 4.12 ਲੱਖ ਵੋਟਰ ਘਰਾਂ ਵਿੱਚ ਨਹੀਂ ਮਿਲੇ

ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਫਾਰਮ ਜਮ੍ਹਾਂ ਕਰਵਾਉਣ ਵਾਲੇ ਕਰੀਬ 12 ਲੱਖ ਵੋਟਰਾਂ ਦੀ ਮੈਪਿੰਗ ਅਜੇ ਬਾਕੀ ਹੈ। ਇਸ ਕਾਰਵਾਈ ਨੂੰ ਪੂਰਾ ਕਰਨ ਲਈ ਚੋਣ ਕਮਿਸ਼ਨ ਵੱਲੋਂ 13 ਅਗਸਤ ਤੋਂ 12 ਸਤੰਬਰ ਤੱਕ ਨੋਟਿਸ ਜਾਰੀ ਕਰਕੇ ਲੋੜੀਂਦੀ ਤਸਦੀਕ ਕੀਤੀ ਜਾਵੇਗੀ।

ਇਸ ਦੌਰਾਨ ਚੋਣ ਕਮਿਸ਼ਨ ਨੇ ਪੋਲਿੰਗ ਬੂਥਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਹੈ। ਜਿੱਥੇ ਪਹਿਲਾਂ ਸੂਬੇ ਵਿੱਚ 24,453 ਪੋਲਿੰਗ ਬੂਥ ਸਨ, ਉੱਥੇ ਹੁਣ ਇਹ ਗਿਣਤੀ ਵੱਧ ਕੇ 25,332 ਹੋ ਗਈ ਹੈ, ਤਾਂ ਜੋ ਵੋਟਰਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ।

ਵਿਸ਼ੇਸ਼ ਸੁਧਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਪੰਜਾਬ ਭਰ ਵਿੱਚ 24 ਹਜ਼ਾਰ ਤੋਂ ਵੱਧ ਬੀਐਲਓ, 2,500 ਸੁਪਰਵਾਈਜ਼ਰ, 800 ਏਈਆਰਓ, 117 ਈਆਰਓ ਅਤੇ 23 ਡਿਪਟੀ ਕਮਿਸ਼ਨਰਾਂ ਦੀ ਤਾਇਨਾਤੀ ਕੀਤੀ ਗਈ ਸੀ।