September 17, 2026
#Tricity News

Chandigarh Police: ਦੀਪਕ ਨਾਂਦਲ ਗੈਂਗ ਦੇ 3 ਮੈਂਬਰਾਂ ਸਣੇ 4 ਕਾਬੂ, 3 ਵਿਦੇਸ਼ੀ ਪਿਸਤੌਲ ਤੇ 19 ਕਾਰਤੂਸ ਬਰਾਮਦ

ਚੰਡੀਗੜ੍ਹ: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਨੇ ਗੈਂਗਸਟਰ ਗਤੀਵਿਧੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲੀਸ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੀਪਕ ਨਾਂਦਲ ਗੈਂਗ ਦੇ ਤਿੰਨ ਮੈਂਬਰਾਂ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦੀਪਕ ਨਾਂਦਲ ਗੈਂਗ ਨਾਲ ਸਬੰਧਤ ਅਜੈ, ਰੋਹਿਤ ਅਤੇ ਦੇਵ, ਜੋ ਜੀਂਦ, ਹਰਿਆਣਾ ਦੇ ਰਹਿਣ ਵਾਲੇ ਹਨ, ਤੋਂ ਇਲਾਵਾ ਨਿਸ਼ਾਨ ਸਿੰਘ ਵਾਸੀ ਅੰਮ੍ਰਿਤਸਰ ਸ਼ਾਮਲ ਹੈ।

ਐੱਸਪੀ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਤਿੰਨ ਵਿਦੇਸ਼ੀ ਪਿਸਤੌਲ ਅਤੇ 19 ਕਾਰਤੂਸ ਬਰਾਮਦ ਕੀਤੇ ਗਏ ਹਨ।

ਨਾਕਾਬੰਦੀ ਦੌਰਾਨ ਮਿਲੀ ਪਹਿਲੀ ਕਾਮਯਾਬੀ

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਨਾਕਾਬੰਦੀ ਅਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੇ ਦੀਪਕ ਨਾਂਦਲ ਗੈਂਗ ਨਾਲ ਜੁੜੇ ਤਿੰਨ ਮੈਂਬਰਾਂ ਨੂੰ ਦੋ ਪਿਸਤੌਲ ਅਤੇ 11 ਕਾਰਤੂਸਾਂ ਸਮੇਤ ਕਾਬੂ ਕੀਤਾ।

ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਨੇ ਵੱਖ-ਵੱਖ ਸੂਬਿਆਂ ਵਿੱਚ ਛਾਪੇ ਮਾਰ ਕੇ ਨਿਸ਼ਾਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਦਾ ਵੀ ਦਾਅਵਾ

ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਿਸ਼ਾਨ ਸਿੰਘ ਕਥਿਤ ਤੌਰ ’ਤੇ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਮੰਗਵਾ ਕੇ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਪਲਾਈ ਕਰਦਾ ਸੀ।

ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਸਬੰਧ ਗੈਂਗਸਟਰ ਨੈੱਟਵਰਕ ਨਾਲ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ।

ਗੁਰੂਗ੍ਰਾਮ ਵਿੱਚ ਫ਼ਿਰੌਤੀ ਲਈ ਵਰਤੇ ਜਾਣੇ ਸਨ ਹਥਿਆਰ

ਜਾਂਚ ਦੌਰਾਨ ਪੁਲੀਸ ਨੂੰ ਇਹ ਵੀ ਪਤਾ ਲੱਗਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਦੀ ਵਰਤੋਂ ਗੁਰੂਗ੍ਰਾਮ ਵਿੱਚ ਫ਼ਿਰੌਤੀ ਵਸੂਲਣ ਲਈ ਕੀਤੀ ਜਾਣੀ ਸੀ।

ਪੁਲੀਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਹਥਿਆਰ ਕਿੱਥੋਂ ਲਿਆਂਦੇ ਗਏ ਅਤੇ ਇਸ ਪੂਰੇ ਨੈੱਟਵਰਕ ਵਿੱਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ।

ਮੁਲਜ਼ਮਾਂ ਦੇ ਪਿਛੋਕੜ ਦੀ ਵੀ ਜਾਂਚ

ਪੁਲੀਸ ਅਨੁਸਾਰ ਅਜੈ 9ਵੀਂ ਜਮਾਤ ਤੱਕ ਪੜ੍ਹਿਆ ਹੈ ਅਤੇ ਇੱਕ ਕੰਪਨੀ ਵਿੱਚ ਕਰੀਬ 15 ਹਜ਼ਾਰ ਰੁਪਏ ਮਹੀਨਾ ਤਨਖ਼ਾਹ ’ਤੇ ਕੰਮ ਕਰਦਾ ਹੈ। ਰੋਹਿਤ ਇੱਕ ਦੁਕਾਨ ’ਤੇ ਕਰੀਬ 10 ਹਜ਼ਾਰ ਰੁਪਏ ਮਹੀਨਾ ਤਨਖ਼ਾਹ ’ਤੇ ਕੰਮ ਕਰਦਾ ਹੈ, ਜਦਕਿ ਦੇਵ ਵੀ ਜੀਂਦ ਵਿੱਚ ਇੱਕ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਉਸ ਦੀ ਮਹੀਨਾਵਾਰ ਆਮਦਨ ਕਰੀਬ 7 ਹਜ਼ਾਰ ਰੁਪਏ ਦੱਸੀ ਗਈ ਹੈ।

ਨਿਸ਼ਾਨ ਸਿੰਘ ਅੰਮ੍ਰਿਤਸਰ ਵਿੱਚ ਡੇਅਰੀ ਦਾ ਕੰਮ ਕਰਦਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਅਤੇ ਹੋਰ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਗ਼ੈਰ-ਸਮਾਜਿਕ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: DGP

ਚੰਡੀਗੜ੍ਹ ਦੇ ਡੀਜੀਪੀ ਸਾਗਰਪ੍ਰੀਤ ਹੁੱਡਾ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਗ਼ੈਰ-ਸਮਾਜਿਕ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਭਰ ਵਿੱਚ ਪੁਲੀਸ ਦੀ ਤਾਇਨਾਤੀ ਵਧਾਈ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲੀਸ ਨੂੰ ਸਹਿਯੋਗ ਦਿੱਤਾ ਜਾਵੇ। ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ।