August 13, 2026
#Tricity News

Chandigarh News: ਰਾਜਪਾਲ ਦੀ ਰਿਹਾਇਸ਼ ਵੱਲ ਕੂਚ ਕਰਦੇ ‘ਆਪ’ ਆਗੂਆਂ ’ਤੇ ਪੁਲੀਸ ਦੀ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਵਿੱਚ 227 ਕਰੋੜ ਰੁਪਏ ਦੇ ਏਜੰਡੇ ਨੂੰ ਕਥਿਤ ਤੌਰ ’ਤੇ ਬਿਨਾਂ ਚਰਚਾ ਤੇ ਸਿਰਫ਼ ਕੁਝ ਸਕਿੰਟਾਂ ਵਿੱਚ ਪਾਸ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਵੱਡਾ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰਾਂ ਨੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਰਿਹਾਇਸ਼ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਤੇਜ਼ ਬੁਛਾੜਾਂ ਚਲਾਈਆਂ।

ਪ੍ਰਦਰਸ਼ਨ ਦੀ ਸ਼ੁਰੂਆਤ ਸੈਕਟਰ-17 ਤੋਂ ਹੋਈ, ਜਿੱਥੇ ਵੱਡੀ ਗਿਣਤੀ ਵਿੱਚ ‘ਆਪ’ ਆਗੂ ਅਤੇ ਵਰਕਰ ਇਕੱਠੇ ਹੋਏ। ਉਨ੍ਹਾਂ ਨੇ ਯੂਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਨਗਰ ਨਿਗਮ ਵਿੱਚ 227 ਕਰੋੜ ਰੁਪਏ ਦੇ ਏਜੰਡੇ ਨੂੰ ਪੂਰੀ ਪਾਰਦਰਸ਼ਤਾ ਤੋਂ ਬਿਨਾਂ ਮਨਜ਼ੂਰੀ ਦਿੱਤੀ ਗਈ।

ਜਦੋਂ ਪ੍ਰਦਰਸ਼ਨਕਾਰੀ ਰਾਜਪਾਲ ਦੀ ਰਿਹਾਇਸ਼ ਵੱਲ ਵਧੇ ਤਾਂ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਦਾ ਰਾਹ ਰੋਕ ਦਿੱਤਾ। ਹਾਲਾਤ ਤਣਾਅਪੂਰਨ ਹੋਣ ’ਤੇ ਪੁਲੀਸ ਨੇ ਭੀੜ ਨੂੰ ਖ਼ਦੇੜਨ ਲਈ ਵਾਟਰ ਕੈਨਨ ਦੀ ਵਰਤੋਂ ਕੀਤੀ।

ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਨੇ ਦੋਸ਼ ਲਗਾਇਆ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 227 ਕਰੋੜ ਰੁਪਏ ਨਾਲ ਸੰਬੰਧਿਤ ਏਜੰਡਾ ਪਹਿਲਾਂ ਸਿਰਫ਼ ਦੋ ਪੰਨਿਆਂ ਵਿੱਚ ਪੇਸ਼ ਕੀਤਾ ਗਿਆ ਅਤੇ ਫਿਰ ਕਰੀਬ 15 ਸਕਿੰਟਾਂ ਵਿੱਚ ਹੀ ਪਾਸ ਕਰ ਦਿੱਤਾ ਗਿਆ, ਜੋ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਉਨ੍ਹਾਂ ਨੇ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਲੋਕਾਂ ਸਾਹਮਣੇ ਆ ਸਕੇ।