ਪੰਜਾਬ ਦੀ ਸਿਆਸਤ ਵਿੱਚ ਮਾਲਵਾ ਖੇਤਰ ਇੱਕ ਵਾਰ ਮੁੜ ਪੰਥਕ ਸਿਆਸਤ ਦਾ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਮਾਲਵੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਲਗਾਤਾਰ ਮੀਟਿੰਗਾਂ ਅਤੇ ਸਿਆਸੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਹੋ ਰਹੇ ਇਕੱਠ ਅਤੇ ਦੂਜੀਆਂ ਸਿਆਸੀ ਜਥੇਬੰਦੀਆਂ ਨਾਲ ਜੁੜੇ ਆਗੂਆਂ ਤੇ ਵਰਕਰਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਇਸ ਦੀਆਂ ਸਰਗਰਮੀਆਂ ਚਰਚਾ ਵਿੱਚ ਹਨ।
ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਅਤੇ ਸਿਆਸੀ ਪੱਖੋਂ ਮਹੱਤਵਪੂਰਨ ਖੇਤਰ ਮੰਨਿਆ ਜਾਂਦਾ ਹੈ। ਇੱਥੇ ਕੁੱਲ 69 ਵਿਧਾਨ ਸਭਾ ਹਲਕੇ ਹਨ ਅਤੇ ਸੂਬੇ ਵਿੱਚ ਸਰਕਾਰ ਬਣਾਉਣ ਦੇ ਮਾਮਲੇ ਵਿੱਚ ਇਸ ਖੇਤਰ ਦੀ ਭੂਮਿਕਾ ਹਮੇਸ਼ਾ ਅਹਿਮ ਰਹੀ ਹੈ। ਮੋਗਾ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ ਸਮੇਤ ਕਈ ਜ਼ਿਲ੍ਹੇ ਮਾਲਵਾ ਖੇਤਰ ਦਾ ਹਿੱਸਾ ਹਨ।
ਮਾਲਵੇ ਵਿੱਚ ਲੰਬੇ ਸਮੇਂ ਤੋਂ ਅਕਾਲੀ ਅਤੇ ਪੰਥਕ ਸਿਆਸਤ ਦਾ ਪ੍ਰਭਾਵ ਰਿਹਾ ਹੈ। ਹਾਲਾਂਕਿ ਬਹਿਬਲ ਕਲਾਂ ਅਤੇ ਬਰਗਾੜੀ ਨਾਲ ਜੁੜੇ ਮਾਮਲਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਦਾ ਅਸਰ ਦਿਖਾਈ ਦਿੱਤਾ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਮਾਲਵੇ ਵਿੱਚੋਂ ਵੱਡਾ ਸਿਆਸੀ ਸਮਰਥਨ ਹਾਸਲ ਕੀਤਾ ਸੀ।
ਹੁਣ ਮੌਜੂਦਾ ਸਿਆਸੀ ਹਾਲਾਤਾਂ ਵਿੱਚ ਪੰਥਕ ਸਿਆਸਤ ਨੂੰ ਲੈ ਕੇ ਮੁੜ ਚਰਚਾ ਤੇਜ਼ ਹੋ ਰਹੀ ਹੈ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਮਾਲਵਾ ਖੇਤਰ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਬਾਘਾਪੁਰਾਣਾ ਵਿੱਚ ਹੋਈ ਪਾਰਟੀ ਦੀ ਮੀਟਿੰਗ ਵੀ ਵੱਡੇ ਇਕੱਠ ਵਿੱਚ ਤਬਦੀਲ ਹੋ ਗਈ, ਜਿੱਥੇ ਵੱਖ-ਵੱਖ ਸਿਆਸੀ ਧੜਿਆਂ ਨਾਲ ਜੁੜੇ ਕੁਝ ਚਿਹਰਿਆਂ ਵੱਲੋਂ ਪਾਰਟੀ ਦਾ ਸਾਥ ਦੇਣ ਦੀ ਗੱਲ ਸਾਹਮਣੇ ਆਈ।
ਪਾਰਟੀ ਦੀਆਂ ਗਤੀਵਿਧੀਆਂ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਸਮੇਤ ਕਈ ਆਗੂ ਸਰਗਰਮ ਨਜ਼ਰ ਆ ਰਹੇ ਹਨ। ਮਾਲਵੇ ਵਿੱਚ ਇਨ੍ਹਾਂ ਆਗੂਆਂ ਦੀਆਂ ਲਗਾਤਾਰ ਮੀਟਿੰਗਾਂ ਅਤੇ ਲੋਕ ਸੰਪਰਕ ਮੁਹਿੰਮਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਹਾਲਾਂਕਿ ਆਉਣ ਵਾਲੀਆਂ ਚੋਣਾਂ ਵਿੱਚ ਇਸ ਸਿਆਸੀ ਸਰਗਰਮੀ ਦਾ ਅਸਲ ਪ੍ਰਭਾਵ ਕੀ ਰਹੇਗਾ, ਇਸ ਬਾਰੇ ਹੁਣੇ ਕੋਈ ਨਿਸ਼ਚਿਤ ਅੰਦਾਜ਼ਾ ਲਗਾਉਣਾ ਜਲਦਬਾਜ਼ੀ ਹੋਵੇਗੀ। ਪਰ ਮਾਲਵੇ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਵਧ ਰਹੀ ਸਰਗਰਮੀ ਨੇ ਪੰਜਾਬ ਦੀ ਪੰਥਕ ਅਤੇ ਅਕਾਲੀ ਸਿਆਸਤ ਵਿੱਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ।

