ਚੰਡੀਗੜ੍ਹ, 11 ਜੂਨ: ਓਮੈਕਸ ਚੰਡੀਗੜ੍ਹ ਪ੍ਰੀਮੀਅਰ ਲੀਗ 2026 ਵਿੱਚ ਵੀਰਵਾਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਰੌਇਲ ਟਾਈਟਨਜ਼ ਨੇ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰਦਿਆਂ ਰਾਕ ਗਾਰਡਨ ਵਾਰੀਅਰਜ਼ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਅੰਮ੍ਰਿਤ ਲੁਬਾਣਾ ਰਹੇ, ਜਿਨ੍ਹਾਂ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ।
ਤਾਉ ਦੇਵੀ ਲਾਲ ਸਟੇਡੀਅਮ, ਸੈਕਟਰ-3 ਵਿੱਚ ਖੇਡੇ ਗਏ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੌਇਲ ਟਾਈਟਨਜ਼ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 215 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।
ਅੰਮ੍ਰਿਤ ਲੁਬਾਣਾ ਨੇ 45 ਗੇਂਦਾਂ ‘ਤੇ ਅਜੇਤੂ 79 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 11 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਮਾਰਕੰਡੇ ਪੰਚਾਲ ਨੇ 37 ਅਤੇ ਸੰਚਿਤ ਸਾਹੂ ਨੇ 23 ਦੌੜਾਂ ਦਾ ਯੋਗਦਾਨ ਪਾਇਆ।
ਅਭਿਸ਼ੇਕ ਦੀ ਅਰਧ ਸੈਂਚਰੀ ਵੀ ਨਾ ਬਚਾ ਸਕੀ ਵਾਰੀਅਰਜ਼ ਨੂੰ
216 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਕ ਗਾਰਡਨ ਵਾਰੀਅਰਜ਼ ਨੇ ਚੰਗੀ ਸ਼ੁਰੂਆਤ ਕੀਤੀ। ਕਪਤਾਨ ਆਰੁਸ਼ ਭੰਡਾਰੀ ਨੇ 39 ਅਤੇ ਪ੍ਰਸ਼ਾਂਤ ਅਹਲਾਵਤ ਨੇ 32 ਦੌੜਾਂ ਬਣਾਈਆਂ। ਮੱਧਕ੍ਰਮ ਵਿੱਚ ਅਭਿਸ਼ੇਕ ਸਿੰਘ ਨੇ 27 ਗੇਂਦਾਂ ‘ਤੇ 57 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਮੈਚ ਵਿੱਚ ਰੋਮਾਂਚ ਬਣਾਈ ਰੱਖਿਆ, ਪਰ ਦੂਜੇ ਪਾਸੇ ਤੋਂ ਸਹਿਯੋਗ ਨਾ ਮਿਲਣ ਕਾਰਨ ਟੀਮ 179 ਦੌੜਾਂ ‘ਤੇ ਆਲਆਊਟ ਹੋ ਗਈ।
ਰੌਇਲ ਟਾਈਟਨਜ਼ ਵੱਲੋਂ ਇਵਰਾਜ ਰਣੌਤਾ ਨੇ 22 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਅੰਮ੍ਰਿਤ ਲੁਬਾਣਾ ਨੇ ਵੀ ਇੱਕ ਵਿਕਟ ਆਪਣੇ ਨਾਮ ਕੀਤੀ।
ਮਨਨ ਵੋਹਰਾ ਦਾ ਬੱਲਾ ਫਿਰ ਬੋਲਿਆ, ਹਿਮਜ਼ ਹਾਕਸ ਨੇ ਲਗਾਤਾਰ ਦੂਜੀ ਜਿੱਤ ਕੀਤੀ ਦਰਜ
ਇਸ ਤੋਂ ਪਹਿਲਾਂ ਬੁੱਧਵਾਰ ਰਾਤ ਖੇਡੇ ਗਏ ਮੁਕਾਬਲੇ ਵਿੱਚ ਹਿਮਜ਼ ਹਾਕਸ ਨੇ ਟ੍ਰਾਈਸਿਟੀ ਬੈਸ਼ਰਜ਼ ਨੂੰ 17 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਕਪਤਾਨ ਮਨਨ ਵੋਹਰਾ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ 34 ਗੇਂਦਾਂ ਵਿੱਚ 59 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ। ਪਿਛਲੇ ਮੈਚ ਵਿੱਚ ਸੈਂਚਰੀ ਜੜਨ ਵਾਲੇ ਵੋਹਰਾ ਨੇ ਇੱਕ ਵਾਰ ਫਿਰ ਟੀਮ ਦੀ ਪਾਰੀ ਨੂੰ ਮਜ਼ਬੂਤ ਆਧਾਰ ਦਿੱਤਾ।
ਨਿਖਿਲ ਠਾਕੁਰ ਨੇ ਸ਼ਾਨਦਾਰ 76 ਦੌੜਾਂ ਬਣਾਈਆਂ, ਜਦਕਿ ਪ੍ਰਥਮ ਸਿੰਘ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਪਾਰੀਆਂ ਦੀ ਬਦੌਲਤ ਹਿਮਜ਼ ਹਾਕਸ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 202 ਦੌੜਾਂ ਬਣਾਈਆਂ।
ਹਾਰਦਿਕ ਚੌਧਰੀ ਦੀ ਲੜਾਕੂ ਪਾਰੀ ਰਹੀ ਬੇਅਸਰ
203 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਟ੍ਰਾਈਸਿਟੀ ਬੈਸ਼ਰਜ਼ ਵੱਲੋਂ ਹਾਰਦਿਕ ਚੌਧਰੀ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਹੋਰ ਬੱਲੇਬਾਜ਼ ਉਨ੍ਹਾਂ ਦਾ ਸਾਥ ਨਾ ਦੇ ਸਕੇ।
ਬੈਸ਼ਰਜ਼ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 185 ਦੌੜਾਂ ਹੀ ਬਣਾ ਸਕੀ ਅਤੇ ਮੈਚ 17 ਦੌੜਾਂ ਨਾਲ ਹਾਰ ਗਈ।
ਹਿਮਜ਼ ਹਾਕਸ ਵੱਲੋਂ ਈਸ਼ਾਨ ਗਰਗ ਨੇ ਕਮਾਲ ਦੀ ਗੇਂਦਬਾਜ਼ੀ ਕਰਦਿਆਂ 3 ਮਹੱਤਵਪੂਰਨ ਵਿਕਟਾਂ ਆਪਣੇ ਨਾਮ ਕੀਤੀਆਂ ਅਤੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

