June 23, 2026
#Punjab News

ਅਟਾਰੀ ਬਾਰਡਰ ‘ਤੇ AR Rahman ਦੀ ਲਾਈਵ ਪਰਫਾਰਮੈਂਸ, BSF ਦੇ 60 ਸਾਲ ਪੂਰੇ ਹੋਣ ‘ਤੇ ਜੁਟੀਆਂ ਨਾਮਵਰ ਹਸਤੀਆਂ

ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਅਟਾਰੀ ਬਾਰਡਰ ਦੇ ਜੇਸੀਪੀ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਅਤੇ ਇਤਿਹਾਸਕ ਸੱਭਿਆਚਾਰਕ ਪ੍ਰੋਗਰਾਮ “ਜੈ ਹੋ – ਏ ਟ੍ਰਿਬਿਊਟ ਟੂ ਦ ਬ੍ਰੇਵਹਾਰਟਸ” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਬੀਐੱਸਐੱਫ ਦੇ 60 ਸਾਲ ਪੂਰੇ ਹੋਣ ਮੌਕੇ ਦੇਸ਼ ਦੇ ਵੀਰ ਜਵਾਨਾਂ ਨੂੰ ਸਮਰਪਿਤ ਸੀ।

ਇਸ ਦੌਰਾਨ ਆਸਕਰ ਐਵਾਰਡ ਜੇਤੂ ਅਤੇ ਵਿਸ਼ਵ ਪ੍ਰਸਿੱਧ ਸੰਗੀਤਕਾਰ ਏ.ਆਰ. ਰਹਿਮਾਨ ਨੇ ਪਹਿਲੀ ਵਾਰ ਅਟਾਰੀ ਬਾਰਡਰ ‘ਤੇ ਲਾਈਵ ਪਰਫਾਰਮੈਂਸ ਦੇ ਕੇ ਹਜ਼ਾਰਾਂ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਰਵਾਇਤੀ “ਬੀਟਿੰਗ ਦ ਰੀਟ੍ਰੀਟ” ਸਮਾਗਮ ਦੌਰਾਨ ਰਹਿਮਾਨ ਦੀ ਸੁਰਮਈ ਪੇਸ਼ਕਾਰੀ ਨੇ ਦੇਸ਼ਭਗਤੀ ਦਾ ਮਾਹੌਲ ਹੋਰ ਭਾਵੁਕ ਬਣਾ ਦਿੱਤਾ।

ਇਸ ਮੌਕੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ, ਅਦਾਕਾਰ ਵੇਦਾਂਗ ਰੈਨਾ, ਗਾਇਕ ਮੋਹਿਤ ਚੌਹਾਨ, ਨਿਲਾਂਜਨਾ ਘੋਸ਼, ਪੂਜਾ ਤਿਵਾਰੀ ਅਤੇ ਨਰਗਿਸ ਸਮੇਤ ਫ਼ਿਲਮ ਅਤੇ ਸੰਗੀਤ ਜਗਤ ਦੀਆਂ ਕਈ ਨਾਮਵਰ ਹਸਤੀਆਂ ਮੌਜੂਦ ਰਹੀਆਂ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਐੱਸਐੱਫ ਅਧਿਕਾਰੀਆਂ, ਜਵਾਨਾਂ ਅਤੇ ਆਮ ਲੋਕਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਇਮਤਿਆਜ਼ ਅਲੀ ਨੇ ਕਿਹਾ ਕਿ ਅਟਾਰੀ ਬਾਰਡਰ ਵਰਗੀ ਪਵਿੱਤਰ ਧਰਤੀ ‘ਤੇ ਏ.ਆਰ. ਰਹਿਮਾਨ ਦੀ ਲਾਈਵ ਪਰਫਾਰਮੈਂਸ ਆਪਣੇ ਆਪ ਵਿੱਚ ਇੱਕ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਸੰਗੀਤਕ ਪ੍ਰੋਗਰਾਮ ਨਹੀਂ ਸੀ, ਸਗੋਂ ਦੇਸ਼ ਦੀ ਵੰਡ ਦੌਰਾਨ ਲੋਕਾਂ ਵੱਲੋਂ ਸਹੇ ਦਰਦ ਅਤੇ ਜਜ਼ਬਾਤਾਂ ਨੂੰ ਸਮਰਪਿਤ ਇੱਕ ਭਾਵੁਕ ਪੇਸ਼ਕਾਰੀ ਸੀ।

ਇਸ ਮੌਕੇ ਇਮਤਿਆਜ਼ ਅਲੀ ਨੇ ਆਪਣੀ ਆਉਣ ਵਾਲੀ ਫ਼ਿਲਮ “ਮੈਂ ਵਾਪਸ ਆਊਂਗਾ” ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ 1947 ਦੀ ਵੰਡ ਦੇ ਦਰਦ ਅਤੇ ਵਿਛੋੜੇ ‘ਤੇ ਆਧਾਰਿਤ ਇੱਕ ਭਾਵੁਕ ਪ੍ਰੇਮ ਕਹਾਣੀ ਹੈ। ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ ਅਤੇ ਇਸ ਵਿੱਚ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਅਤੇ ਮਨੁੱਖੀ ਭਾਵਨਾਵਾਂ ਨੂੰ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ।