ਪੰਜਾਬ ਪੁਲਿਸ ਦੇ ਏਐਸਆਈ ਅਤੇ ਅੰਤਰਰਾਸ਼ਟਰੀ ਤੈਰਾਕ ਅਮਨ ਘਈ ਨੂੰ 2027 ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲੀਆਂ ਵਰਲਡ ਪੁਲਿਸ ਗੇਮਜ਼ ਲਈ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਆਪਣੀ ਸ਼ਾਨਦਾਰ ਪ੍ਰਦਰਸ਼ਨ ਅਤੇ ਕਈ ਅੰਤਰਰਾਸ਼ਟਰੀ ਮੈਡਲਾਂ ਦੇ ਆਧਾਰ ‘ਤੇ ਚੁਣੇ ਗਏ ਅਮਨ ਘਈ ਪੰਜਾਬ ਲਈ ਮਾਣ ਦੀ ਗੱਲ ਬਣੇ ਹਨ।
ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ (PAP) ਵਿੱਚ ਏਐਸਆਈ ਵਜੋਂ ਸੇਵਾ ਨਿਭਾ ਰਹੇ ਅਮਨ ਘਈ ਪਿਛਲੇ 16 ਸਾਲਾਂ ਤੋਂ ਤੈਰਾਕੀ ਦੇ ਖੇਤਰ ਵਿੱਚ ਸਰਗਰਮ ਹਨ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਗੋਲਡ, ਸਿਲਵਰ ਅਤੇ ਕਾਂਸੀ ਦੇ ਮੈਡਲ ਆਪਣੇ ਨਾਮ ਕਰ ਚੁੱਕੇ ਹਨ। ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਾਲ ਹੀ ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਅਮਨ ਘਈ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਸਰਦਾਰ ਅਮਰਜੀਤ ਸਿੰਘ ਖੁਦ ਇੱਕ ਅੰਤਰਰਾਸ਼ਟਰੀ ਤੈਰਾਕ ਅਤੇ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਰਹੇ ਹਨ। ਉਨ੍ਹਾਂ ਦੀ ਪ੍ਰੇਰਣਾ ਅਤੇ ਮਾਰਗਦਰਸ਼ਨ ਸਦਕਾ ਹੀ ਉਹ ਇਸ ਮੁਕਾਮ ਤੱਕ ਪਹੁੰਚੇ ਹਨ।
ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ 2016 ਦੀ ਦੱਖਣੀ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਸਿਲਵਰ ਮੈਡਲ, 2023 ਵਰਲਡ ਪੁਲਿਸ ਗੇਮਜ਼ ਵਿੱਚ 3 ਗੋਲਡ, 3 ਸਿਲਵਰ ਅਤੇ 1 ਕਾਂਸੀ ਦਾ ਮੈਡਲ ਅਤੇ 2025 ਵਿੱਚ ਅਮਰੀਕਾ ਵਿੱਚ ਹੋਈਆਂ ਵਰਲਡ ਪੁਲਿਸ ਗੇਮਜ਼ ਵਿੱਚ 1 ਗੋਲਡ, 3 ਸਿਲਵਰ ਅਤੇ 2 ਕਾਂਸੀ ਦੇ ਮੈਡਲ ਸ਼ਾਮਲ ਹਨ।
ਅਮਨ ਘਈ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਉਹ 2027 ਦੀਆਂ ਵਰਲਡ ਪੁਲਿਸ ਗੇਮਜ਼ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪੂਰੀ ਤਨਦੇਹੀ ਨਾਲ ਤਿਆਰੀ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਅਤੇ ਪੜ੍ਹਾਈ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਨੂੰ ਤਰਜੀਹ ਦੇਣ ਦਾ ਸੰਦੇਸ਼ ਦਿੱਤਾ।

