ਬਠਿੰਡਾ: ਬਠਿੰਡਾ ਪੁਲਿਸ ਨੇ ਭਾਜਪਾ (BJP) ਦੇ ਸਥਾਨਕ ਆਗੂ ਅਤੇ ਹੋਮਿਓਪੈਥਿਕ ਡਾਕਟਰ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਫਲਾਈਓਵਰ ਤੋਂ ਛਾਲ ਮਾਰਨ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਹੱਥ-ਪੈਰ ਟੁੱਟ ਗਏ।
ਇਹ ਪੂਰੀ ਕਾਰਵਾਈ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੀ ਅਗਵਾਈ ਹੇਠ ਚਲਾਈ ਗਈ।
ਪਿਸ਼ਾਬ ਦਾ ਬਹਾਨਾ ਬਣਾ ਕੇ ਭੱਜਣ ਦੀ ਕੋਸ਼ਿਸ਼
ਪੁਲਿਸ ਅਨੁਸਾਰ, ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਟੀਮ ਵਾਪਸ ਲੈ ਕੇ ਆ ਰਹੀ ਸੀ ਤਾਂ ਬਠਿੰਡਾ-ਮੁਕਤਸਰ ਹਾਈਵੇਅ ‘ਤੇ ਉਨ੍ਹਾਂ ਨੇ ਪਿਸ਼ਾਬ ਕਰਨ ਦਾ ਬਹਾਨਾ ਬਣਾਇਆ। ਜਿਵੇਂ ਹੀ ਪੁਲਿਸ ਨੇ ਗੱਡੀ ਰੋਕੀ, ਦੋਵੇਂ ਮੁਲਜ਼ਮ ਪੁਲਿਸ ਨੂੰ ਧੱਕਾ ਦੇ ਕੇ ਫਲਾਈਓਵਰ ਤੋਂ ਹੇਠਾਂ ਛਾਲ ਮਾਰ ਕੇ ਭੱਜਣ ਲੱਗੇ।
ਉੱਚਾਈ ਤੋਂ ਡਿੱਗਣ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਦੀਆਂ ਹੱਡੀਆਂ ਟੁੱਟ ਗਈਆਂ। ਪੁਲਿਸ ਨੇ ਤੁਰੰਤ ਉਨ੍ਹਾਂ ਨੂੰ ਦੁਬਾਰਾ ਕਾਬੂ ਕਰਕੇ ਇਲਾਜ ਲਈ ਹਸਪਤਾਲ ਪਹੁੰਚਾਇਆ।
CIA ਅਤੇ ਕਾਊਂਟਰ ਇੰਟੈਲੀਜੈਂਸ ਦਾ ਸਾਂਝਾ ਆਪਰੇਸ਼ਨ
ਇਸ ਮਾਮਲੇ ਨੂੰ ਸੁਲਝਾਉਣ ਲਈ CIA ਸਟਾਫ਼-2 ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ:
- ਨਾਖੁਲ ਕੁਮਾਰ ਰਾਜਪੂਤ (21) ਵਾਸੀ ਪਿੰਡ ਖੁਈਆਂ ਸਰਵਰ, ਜ਼ਿਲ੍ਹਾ ਫਾਜ਼ਿਲਕਾ
- ਗੁਰਵਿੰਦਰ ਸਿੰਘ ਉਰਫ਼ ਉੱਲੀ (22) ਵਾਸੀ ਪਿੰਡ ਖੁਈਆਂ ਸਰਵਰ, ਜ਼ਿਲ੍ਹਾ ਫਾਜ਼ਿਲਕਾ
ਵਜੋਂ ਹੋਈ ਹੈ।
22 ਜੂਨ ਨੂੰ ਹੋਇਆ ਸੀ ਪੈਟਰੋਲ ਬੰਬ ਹਮਲਾ
ਇਹ ਵਾਰਦਾਤ 22 ਜੂਨ 2026 ਦੀ ਰਾਤ ਕਰੀਬ 9:42 ਵਜੇ ਵਾਪਰੀ ਸੀ, ਜਦੋਂ ਦੋ ਅਣਪਛਾਤੇ ਵਿਅਕਤੀਆਂ ਨੇ ਵਿਸ਼ਾਲ ਨਗਰ ਸਥਿਤ ਹੈਨੇਮਨ ਹੋਮਿਓ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਭਰੀ ਕੱਚ ਦੀ ਬੋਤਲ ਸੁੱਟੀ ਸੀ।
ਹਮਲੇ ਵੇਲੇ ਕਲੀਨਿਕ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਤੋਂ ਬਾਅਦ 23 ਜੂਨ ਨੂੰ ਥਾਣਾ ਕੋਤਵਾਲੀ ਬਠਿੰਡਾ ਵਿੱਚ ਮਾਮਲਾ ਦਰਜ ਕੀਤਾ ਗਿਆ।
ਸ਼ਹਜ਼ਾਦ ਭੱਟੀ ਨੂੰ ਵੀ ਕੀਤਾ ਗਿਆ ਨਾਮਜ਼ਦ
ਜਾਂਚ ਦੌਰਾਨ ਸ਼ਿਕਾਇਤਕਰਤਾ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਸ਼ਹਜ਼ਾਦ ਭੱਟੀ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਪੁਲਿਸ ਨੇ ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 113 ਵੀ ਸ਼ਾਮਲ ਕੀਤੀ ਹੈ।
CCTV ਅਤੇ ਤਕਨੀਕੀ ਜਾਂਚ ਨਾਲ ਹੋਈ ਪਛਾਣ
ਮਾਮਲੇ ਦੀ ਜਾਂਚ ਲਈ SP ਸਿਟੀ ਅਤੇ SP ਡੀ ਦੀ ਨਿਗਰਾਨੀ ਹੇਠ ਕਈ ਵਿਸ਼ੇਸ਼ ਪੁਲਿਸ ਟੀਮਾਂ ਬਣਾਈਆਂ ਗਈਆਂ।
ਜਾਂਚ ਦੌਰਾਨ ਪੁਲਿਸ ਨੇ:
- CCTV ਫੁਟੇਜ ਖੰਗਾਲੀ
- ਤਕਨੀਕੀ ਸਬੂਤ ਇਕੱਠੇ ਕੀਤੇ
- ਹਿਊਮਨ ਇੰਟੈਲੀਜੈਂਸ ਦੀ ਮਦਦ ਲਈ
ਜਿਸ ਦੇ ਆਧਾਰ ‘ਤੇ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਗਈ।
3-3 ਹਜ਼ਾਰ ਰੁਪਏ ਵਿੱਚ ਦਿੱਤਾ ਗਿਆ ਸੀ ਕੰਮ
ਪੁਲਿਸ ਦੀ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਦੇ ਮੁੱਖ ਸਾਜ਼ਿਸ਼ਕਰਤਾ ਸੰਦੀਪ ਸਿੰਘ ਨੇ ਗੁਰਵਿੰਦਰ ਸਿੰਘ ਅਤੇ ਨਾਖੁਲ ਕੁਮਾਰ ਨੂੰ ਇਹ ਹਮਲਾ ਕਰਨ ਲਈ 3-3 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ।
ਤੀਜੇ ਮੁਲਜ਼ਮ ਦੀ ਭਾਲ ਜਾਰੀ
ਇਸ ਮਾਮਲੇ ਦਾ ਤੀਜਾ ਮੁਲਜ਼ਮ ਸੰਦੀਪ ਸਿੰਘ, ਜੋ ਕਿ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ, ਅਜੇ ਵੀ ਫਰਾਰ ਹੈ। ਉਸ ਦੀ ਗ੍ਰਿਫ਼ਤਾਰੀ ਲਈ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਦੌਰਾਨ ਇਸ ਮਾਮਲੇ ਨਾਲ ਜੁੜੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

