July 14, 2026
#Tricity News

ਚੰਡੀਗੜ੍ਹ ‘ਚ ਐਕਟਿਵਾ ਚੋਰੀ ਕਰਨ ਵਾਲਾ ਸ਼ਾਤਿਰ ਚੋਰ ਕਾਬੂ, 7 ਸਕੂਟਰ ਬਰਾਮਦ

ਚੰਡੀਗੜ੍ਹ ਪੁਲਿਸ ਦੇ ਸੈਂਟਰਲ ਡਿਵੀਜ਼ਨ ਦੇ ਥਾਣਾ-11 ਨੂੰ ਐਕਟਿਵਾ ਸਕੂਟਰ ਚੋਰੀ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੋਂਡਾ ਐਕਟਿਵਾ ਚੋਰੀ ਕਰਨ ਵਾਲੇ ਇੱਕ ਸ਼ਾਤਿਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 7 ਚੋਰੀਸ਼ੁਦਾ ਹੋਂਡਾ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਧਨਾਸ ਈਡਬਲਿਊਐਸ ਕਾਲੋਨੀ ਦੇ ਰਹਿਣ ਵਾਲੇ 28 ਸਾਲਾ ਕਾਲੂ ਉਰਫ਼ ਕ੍ਰਿਸ਼ਨ ਵਜੋਂ ਹੋਈ ਹੈ। ਐਸਐਸਪੀ ਕਨਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਡੀਪੀਓ ਸੈਂਟਰਲ ਧੀਰਜ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਪਾਲ ਸਿੰਘ ਭੁੱਲਰ ਦੀ ਟੀਮ ਨੇ ਮੁਲਜ਼ਮ ਨੂੰ ਸੈਕਟਰ-25 ਦੇ ਚਿਤਕਾਰਾ ਸਕੂਲ ਮੋੜ ਨੇੜੇ ਧਨਾਸ ਲੇਕ ਕੋਲ ਹਿਮਾਚਲ ਨੰਬਰ ਵਾਲੇ ਐਕਟਿਵਾ ਸਮੇਤ ਕਾਬੂ ਕੀਤਾ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਐਕਟਿਵਾ ਸਕੂਟਰ ਚੋਰੀ ਕਰਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਵਾਹਨਾਂ ਦੇ ਲਾਕ ਖੋਲ੍ਹਣ ਲਈ ਸਮਾਰਟ ਡੁਪਲੀਕੇਟ ਚਾਬੀ ਦੀ ਵਰਤੋਂ ਕਰਦਾ ਸੀ। ਨਸ਼ੇ ਦਾ ਆਦੀ ਹੋਣ ਕਾਰਨ ਉਹ ਚੋਰੀ ਕੀਤੇ ਸਕੂਟਰ ਆਪਣੀ ਵਰਤੋਂ ਲਈ ਚਲਾਉਂਦਾ ਅਤੇ ਜਿੱਥੇ ਪੈਟਰੋਲ ਖਤਮ ਹੋ ਜਾਂਦਾ, ਉੱਥੇ ਹੀ ਛੱਡ ਦਿੰਦਾ ਸੀ।

ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਕੁੱਲ 7 ਹੋਂਡਾ ਐਕਟਿਵਾ ਸਕੂਟਰ ਬਰਾਮਦ ਕਰ ਲਏ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਚੋਰੀ ਦੇ ਮਾਮਲਿਆਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਸਕੇ।