ਚੰਡੀਗੜ੍ਹ ਦੇ ਸੈਕਟਰ-30 ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ 40 ਏਰੀਆ ਵੱਲੋਂ ਵਿਸ਼ਾਲ ਬਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਮਨੁੱਖਤਾ ਨਾਲ ਪਿਆਰ, ਨਿਮਰਤਾ, ਸਹਿਣਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਵਰਗੇ ਮਨੁੱਖੀ ਗੁਣਾਂ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਸੰਯੋਜਕ ਸ਼੍ਰੀ ਨਵਨੀਤ ਪਾਠਕ ਜੀ ਨੇ ਬੱਚਿਆਂ ਨੂੰ ਆਧਿਆਤਮਿਕ ਗਿਆਨ ਦੇ ਨਾਲ-ਨਾਲ ਨੈਤਿਕ ਅਤੇ ਸਮਾਜਿਕ ਮੁੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਬੱਚੇ ਜੇਕਰ ਚੰਗੇ ਸੰਸਕਾਰਾਂ ਅਤੇ ਸੇਵਾ ਭਾਵ ਨਾਲ ਅੱਗੇ ਵਧਣ ਤਾਂ ਉਹ ਸਮਾਜ ਦੇ ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਬਣ ਸਕਦੇ ਹਨ।
ਸਮਾਗਮ ਦੌਰਾਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ “ਬ੍ਰਹਮ ਗਿਆਨ ਨਾਲ ਜੀਵਨ ਵਿੱਚ ਬਦਲਾਅ ਅਤੇ ਸਹੀ ਪ੍ਰਾਥਮਿਕਤਾਵਾਂ ਦਾ ਨਿਰਧਾਰਨ” ਵਿਸ਼ੇ ‘ਤੇ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਵਿੱਚ ਦੱਸਿਆ ਗਿਆ ਕਿ ਬ੍ਰਹਮ ਗਿਆਨ ਸਿਰਫ਼ ਸੁਣਨ ਲਈ ਨਹੀਂ, ਸਗੋਂ ਉਸ ਨੂੰ ਆਪਣੇ ਵਿਹਾਰ ਵਿੱਚ ਲਾਗੂ ਕਰਨਾ ਹੀ ਅਸਲ ਸਫਲਤਾ ਹੈ।
ਵਕਤਾਵਾਂ ਨੇ ਇਹ ਵੀ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਫਾਈ ਅਭਿਆਨ, ਰਕਤਦਾਨ, ਜਲ ਸੰਭਾਲ, ਰੁੱਖ ਲਗਾਉਣ ਅਤੇ ਨਸ਼ਾ ਮੁਕਤੀ ਵਰਗੇ ਕਈ ਸਮਾਜ ਸੇਵਾ ਦੇ ਕਾਰਜ ਚਲਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਵਿੱਚ ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਮਜ਼ਬੂਤ ਹੋ ਰਹੀ ਹੈ।
ਬੱਚਿਆਂ ਵੱਲੋਂ ਆਧਿਆਤਮਿਕ ਅਤੇ ਨੈਤਿਕ ਮੁੱਲਾਂ ‘ਤੇ ਆਧਾਰਿਤ ਗੀਤ, ਲਘੁ ਨਾਟਿਕਾਵਾਂ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਵੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਹਾਜ਼ਰ ਸੰਗਤ ਵੱਲੋਂ ਖੂਬ ਸਰਾਹਿਆ ਗਿਆ।
ਇਸ ਮੌਕੇ ਸੈਕਟਰ-40 ਏਰੀਆ ਦੇ ਮੁਖੀ ਸ਼੍ਰੀ ਪਵਨ ਕੁਮਾਰ ਜੀ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਬੱਚਿਆਂ, ਮਾਪਿਆਂ, ਅਧਿਆਪਕਾਂ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ।

