July 14, 2026
#Tricity News

ਚੰਡੀਗੜ੍ਹ ‘ਚ ਵੱਡੇ ਰਿਹਾਇਸ਼ੀ ਘਰਾਂ ਵਿੱਚ ਹੁਣ ਚੱਲ ਸਕੇਗਾ ਬੈੱਡ ਐਂਡ ਬ੍ਰੇਕਫਾਸਟ, ਪ੍ਰਸ਼ਾਸਨ ਨੇ ਨਵੀਂ ਨੀਤੀ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ ਪ੍ਰਸ਼ਾਸਨ ਦੇ ਐਸਟੇਟ ਵਿਭਾਗ ਨੇ ਸ਼ਹਿਰ ਦੇ ਵੱਡੇ ਰਿਹਾਇਸ਼ੀ ਮਕਾਨਾਂ ਵਿੱਚ ‘ਬੈੱਡ ਐਂਡ ਬ੍ਰੇਕਫਾਸਟ’ (B&B) ਸਹੂਲਤ ਸ਼ੁਰੂ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। 27 ਜੂਨ 2026 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ 500 ਵਰਗ ਗਜ਼ ਜਾਂ ਇਸ ਤੋਂ ਵੱਧ ਖੇਤਰਫਲ ਵਾਲੇ ਮਕਾਨਾਂ ਵਿੱਚ ਨਿਰਧਾਰਿਤ ਸ਼ਰਤਾਂ ਦੇ ਅਧੀਨ ਇਹ ਸਹੂਲਤ ਚਲਾਈ ਜਾ ਸਕੇਗੀ। ਇਸ ਫੈਸਲੇ ਨਾਲ ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਨੂੰ ਘੱਟ ਖ਼ਰਚ ‘ਤੇ ਘਰੇਲੂ ਮਾਹੌਲ ਵਿੱਚ ਰਹਿਣ ਦੀ ਸੁਵਿਧਾ ਮਿਲੇਗੀ।

ਬੈੱਡ ਐਂਡ ਬ੍ਰੇਕਫਾਸਟ ਯੋਜਨਾ ਤਹਿਤ ਮਕਾਨ ਮਾਲਕ ਆਪਣੇ ਘਰ ਦੇ ਕੁਝ ਕਮਰੇ ਸੈਲਾਨੀਆਂ ਨੂੰ ਕਿਰਾਏ ‘ਤੇ ਦੇ ਸਕਣਗੇ ਅਤੇ ਉਨ੍ਹਾਂ ਨੂੰ ਸਵੇਰ ਦਾ ਨਾਸ਼ਤਾ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਯੋਜਨਾ ਦਾ ਮਕਸਦ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਮਕਾਨ ਮਾਲਕਾਂ ਲਈ ਵਾਧੂ ਆਮਦਨ ਦਾ ਸਰੋਤ ਤਿਆਰ ਕਰਨਾ ਹੈ।

ਯੂਟੀ ਪ੍ਰਸ਼ਾਸਕ ਦੀ ਪਹਿਲਾਂ ਤੋਂ ਮਿਲੀ ਮਨਜ਼ੂਰੀ ਤੋਂ ਬਾਅਦ ਚੀਫ ਐਡਮਿਨਿਸਟ੍ਰੇਟਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਐਸਟੇਟ ਰੂਲਜ਼-2007 ਦੇ ਨਿਯਮ 9(i) ਤਹਿਤ ਸੈਰ-ਸਪਾਟਾ ਵਿਭਾਗ ਦੀ ਇਸ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਾਲ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।

ਚੰਡੀਗੜ੍ਹ ਦੇ ਕਈ ਸੈਕਟਰਾਂ ਵਿੱਚ 500 ਵਰਗ ਗਜ਼ ਜਾਂ ਇਸ ਤੋਂ ਵੱਡੇ ਮਕਾਨ ਹਨ, ਜਿੱਥੇ ਅਕਸਰ ਉੱਪਰੀ ਮੰਜ਼ਿਲਾਂ ਖਾਲੀ ਰਹਿੰਦੀਆਂ ਹਨ ਜਾਂ ਬਜ਼ੁਰਗ ਜੋੜੇ ਇਕੱਲੇ ਰਹਿੰਦੇ ਹਨ। ਨਵੀਂ ਨੀਤੀ ਨਾਲ ਇਨ੍ਹਾਂ ਮਕਾਨਾਂ ਦੀ ਬਿਹਤਰ ਵਰਤੋਂ ਹੋ ਸਕੇਗੀ ਅਤੇ ਮਾਲਕਾਂ ਨੂੰ ਸੰਭਾਲ ਦਾ ਖ਼ਰਚ ਕੱਢਣ ਵਿੱਚ ਵੀ ਮਦਦ ਮਿਲੇਗੀ।

ਨੀਤੀ ਅਨੁਸਾਰ ਮਕਾਨ ਦਾ ਖੇਤਰਫਲ ਘੱਟੋ-ਘੱਟ 500 ਵਰਗ ਗਜ਼ ਹੋਣਾ ਲਾਜ਼ਮੀ ਹੈ। ਰਿਹਾਇਸ਼ੀ ਇਕਾਈ ਨੂੰ ਸੈਰ-ਸਪਾਟਾ ਵਿਭਾਗ ਕੋਲ ਰਜਿਸਟਰ ਕਰਵਾਉਣਾ ਹੋਵੇਗਾ ਅਤੇ ਲੋੜੀਂਦੀਆਂ ਸਾਰੀਆਂ ਮਨਜ਼ੂਰੀਆਂ ਅਤੇ ਐਨਓਸੀ ਪ੍ਰਾਪਤ ਕਰਨੀਆਂ ਹੋਣਗੀਆਂ। ਇਸ ਲਈ ਕੇਵਲ ਮਕਾਨ ਦਾ ਮਾਲਕ ਹੀ ਅਰਜ਼ੀ ਦੇ ਸਕੇਗਾ ਅਤੇ ਨੀਤੀ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।