ਚੰਡੀਗੜ੍ਹ: ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈਮੇਲਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਸੈਕਟਰ 38 ਸਥਿਤ ਵਿਵੇਕ ਹਾਈ ਸਕੂਲ ਸਮੇਤ ਸ਼ਹਿਰ ਦੇ ਕੁਝ ਹੋਰ ਸਕੂਲਾਂ ਨੂੰ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ। ਈਮੇਲ ਵਿੱਚ ਸਕੂਲ ਦੀਆਂ ਇਮਾਰਤਾਂ ਵਿੱਚ ਬੰਬ ਰੱਖੇ ਹੋਣ ਦਾ ਦਾਅਵਾ ਕੀਤਾ ਗਿਆ।
ਧਮਕੀ ਵਾਲੀ ਈਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਤੁਰੰਤ ਪੁਲੀਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲੀਸ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀਆਂ ਟੀਮਾਂ ਸਕੂਲਾਂ ਵਿੱਚ ਪਹੁੰਚੀਆਂ ਅਤੇ ਪੂਰੇ ਕੰਪਲੈਕਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ।
ਸਾਵਧਾਨੀ ਵਜੋਂ ਸਕੂਲ ਕਰਵਾਏ ਖਾਲੀ
ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਵਿੱਚ ਮੌਜੂਦ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਇਮਾਰਤਾਂ ਤੋਂ ਬਾਹਰ ਕੱਢ ਲਿਆ ਗਿਆ। ਜਿਹੜੇ ਵਿਦਿਆਰਥੀ ਆਪਣੇ ਮਾਪਿਆਂ ਨਾਲ ਸਕੂਲ ਪਹੁੰਚੇ ਸਨ, ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ, ਜਦਕਿ ਹੋਰ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਇਕੱਠਾ ਕੀਤਾ ਗਿਆ।
ਸੁਰੱਖਿਆ ਏਜੰਸੀਆਂ ਵੱਲੋਂ ਸਕੂਲ ਦੀ ਪੂਰੀ ਤਰ੍ਹਾਂ ਜਾਂਚ ਕਰਨ ਅਤੇ ਇਮਾਰਤ ਨੂੰ ਸੁਰੱਖਿਅਤ ਐਲਾਨਣ ਤੋਂ ਬਾਅਦ ਹੀ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮੁੜ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਪਹਿਲਾਂ ਵੀ ਮਿਲ ਚੁੱਕੀਆਂ ਹਨ ਅਜਿਹੀਆਂ ਧਮਕੀਆਂ
ਚੰਡੀਗੜ੍ਹ ਦੇ ਸਕੂਲਾਂ ਨੂੰ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ। ਅਜਿਹੀਆਂ ਧਮਕੀਆਂ ਕਾਰਨ ਹਰ ਵਾਰ ਸਕੂਲਾਂ ਅਤੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਬਣ ਜਾਂਦਾ ਹੈ।
ਇਸ ਤੋਂ ਇਲਾਵਾ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਮੇਅਰ ਦਫ਼ਤਰ ਅਤੇ ਹੋਰ ਸਰਕਾਰੀ ਅਦਾਰਿਆਂ ਨੂੰ ਵੀ ਬੰਬ ਧਮਾਕਿਆਂ ਸਬੰਧੀ ਧਮਕੀ ਭਰੇ ਸੁਨੇਹੇ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਈਮੇਲ ਦੇ ਸਰੋਤ ਦੀ ਜਾਂਚ
ਪੁਲੀਸ ਵੱਲੋਂ ਮਿਲੀ ਧਮਕੀ ਵਾਲੀ ਈਮੇਲ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਸੈੱਲ ਵੱਲੋਂ ਈਮੇਲ ਨਾਲ ਜੁੜੇ ਤਕਨੀਕੀ ਵੇਰਵਿਆਂ ਅਤੇ ਹੋਰ ਜਾਣਕਾਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਧਮਕੀ ਅਸਲ ਹੈ ਜਾਂ ਸਿਰਫ਼ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼, ਇਸ ਬਾਰੇ ਅੰਤਿਮ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।

