Chandigarh Tiffin Bomb Case: ਪੁਲੀਸ ਮੁਤਾਬਕ ਮੁਲਜ਼ਮਾਂ ਤੋਂ 5 ਕਿਲੋ ਜੈਲੇਟਿਨ ਸਟਿਕ, ਪਿਸਤੌਲ ਅਤੇ 5 ਕਾਰਤੂਸ ਬਰਾਮਦ; ਵਿਦੇਸ਼ ਬੈਠੇ ਸਤਨਾਮ ਸੱਤਾ ਨੌਸ਼ਹਿਰਾ ਨਾਲ ਸੰਪਰਕ ਦੀ ਜਾਂਚ
Chandigarh Tiffin Bomb Case: ਚੰਡੀਗੜ੍ਹ ਦੇ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ ਦੇ ਨੇੜੇ ਟਿਫ਼ਨ ਬੰਬ ਮਿਲਣ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ 5 ਕਿਲੋ ਜੈਲੇਟਿਨ ਸਟਿਕ ਵਿਸਫ਼ੋਟਕ, ਇੱਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲੀਸ ਨੇ ਮੁਲਜ਼ਮਾਂ ਦੇ ਕਥਿਤ ਨੈੱਟਵਰਕ ਅਤੇ ਸੰਭਾਵਿਤ ਸਾਜ਼ਿਸ਼ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਿੰਨਾਂ ਮੁਲਜ਼ਮਾਂ ਦੀ ਹੋਈ ਪਛਾਣ
ਪੁਲੀਸ ਵੱਲੋਂ ਕਾਬੂ ਕੀਤੇ ਨੌਜਵਾਨਾਂ ਵਿੱਚ 19 ਸਾਲਾ ਲਵਪ੍ਰੀਤ ਸਿੰਘ, ਵਾਸੀ ਪਿੰਡ ਸਰਹਾਲੀ, ਜ਼ਿਲ੍ਹਾ ਤਰਨ ਤਾਰਨ, 21 ਸਾਲਾ ਜਸ਼ਨਪ੍ਰੀਤ ਸਿੰਘ, ਵਾਸੀ ਪਿੰਡ ਦਿਓਬਥ, ਜ਼ਿਲ੍ਹਾ ਤਰਨ ਤਾਰਨ ਅਤੇ 19 ਸਾਲਾ ਪ੍ਰਭਪ੍ਰੀਤ ਸਿੰਘ, ਵਾਸੀ ਪਿੰਡ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ ਸ਼ਾਮਲ ਹਨ।
ਪੁਲੀਸ ਦੀ ਮੁੱਢਲੀ ਜਾਂਚ ਮੁਤਾਬਕ ਤਿੰਨਾਂ ਦੇ ਕਥਿਤ ਤੌਰ ’ਤੇ ਵਿਦੇਸ਼ ਵਿੱਚ ਬੈਠੇ ਵਿਅਕਤੀਆਂ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲੀਸ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ ਕਿ ਚੰਡੀਗੜ੍ਹ ਵਿੱਚ ਬਰਾਮਦ ਕੀਤੀ ਗਈ ਵਿਸਫ਼ੋਟਕ ਸਮੱਗਰੀ ਕਿੱਥੋਂ ਲਿਆਂਦੀ ਗਈ ਅਤੇ ਇਸ ਨੂੰ ਕਿੱਥੇ ਵਰਤਣ ਦੀ ਯੋਜਨਾ ਸੀ।
BKI ਨਾਲ ਸਬੰਧਾਂ ਦੀ ਜਾਂਚ
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਦਾਅਵਾ ਸਾਹਮਣੇ ਆਇਆ ਹੈ ਕਿ ਤਿੰਨੇ ਨੌਜਵਾਨ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਹੋਏ ਸਨ ਅਤੇ ਵਿਦੇਸ਼ ਵਿੱਚ ਬੈਠੇ ਸਤਨਾਮ ਸੱਤਾ ਨੌਸ਼ਹਿਰਾ ਦੇ ਸੰਪਰਕ ਵਿੱਚ ਸਨ। ਪੁਲੀਸ ਹੁਣ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਅਤੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੀ ਹੈ।
ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਮੁਲਜ਼ਮਾਂ ਨੂੰ ਕਥਿਤ ਤੌਰ ’ਤੇ ਕਿਸ ਮਕਸਦ ਲਈ ਚੰਡੀਗੜ੍ਹ ਭੇਜਿਆ ਗਿਆ ਸੀ ਅਤੇ ਇਸ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ।
ਸੈਕਟਰ-43 ’ਚ ਬੈਗ ਵਿੱਚੋਂ ਮਿਲਿਆ ਸੀ ਟਿਫ਼ਨ ਬੰਬ
ਚੰਡੀਗੜ੍ਹ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੈਕਟਰ-43 ਬੱਸ ਸਟੈਂਡ ਦੇ ਨੇੜੇ ਕਾਰਵਾਈ ਕੀਤੀ ਸੀ। ਇਸ ਦੌਰਾਨ ਇੱਕ ਬੈਗ ਵਿੱਚੋਂ ਟਿਫ਼ਨ ਬੰਬ ਵਰਗੀ ਸ਼ੱਕੀ ਵਿਸਫ਼ੋਟਕ ਸਮੱਗਰੀ ਬਰਾਮਦ ਹੋਈ। ਇਸ ਤੋਂ ਬਾਅਦ ਪੁਲੀਸ ਨੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਵੀ ਜਾਂਚ ਕੀਤੀ ਗਈ। ਪੁਲੀਸ ਹੁਣ ਬਰਾਮਦ ਸਮੱਗਰੀ ਦੀ ਫੋਰੈਂਸਿਕ ਜਾਂਚ ਦੇ ਨਾਲ-ਨਾਲ ਮੁਲਜ਼ਮਾਂ ਦੇ ਮੋਬਾਈਲ ਫੋਨ, ਸੰਪਰਕਾਂ ਅਤੇ ਆਵਾਜਾਈ ਨਾਲ ਸਬੰਧਤ ਜਾਣਕਾਰੀ ਦੀ ਜਾਂਚ ਕਰ ਰਹੀ ਹੈ।
ਵੱਡੀ ਵਾਰਦਾਤ ਦੀ ਸਾਜ਼ਿਸ਼ ਦਾ ਸ਼ੱਕ
ਪੁਲੀਸ ਨੂੰ ਸ਼ੱਕ ਹੈ ਕਿ ਬਰਾਮਦ ਕੀਤੀ ਗਈ ਵਿਸਫ਼ੋਟਕ ਸਮੱਗਰੀ ਦੀ ਵਰਤੋਂ ਕਰਕੇ ਚੰਡੀਗੜ੍ਹ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਹੋ ਸਕਦੀ ਸੀ। ਹਾਲਾਂਕਿ ਇਸ ਸਬੰਧੀ ਅੰਤਿਮ ਤੱਥ ਪੁਲੀਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਣਗੇ।
ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸੈਕਟਰ-36, ਚੰਡੀਗੜ੍ਹ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸੰਭਾਵਿਤ ਨੈੱਟਵਰਕ ਦੀ ਭਾਲ ਜਾਰੀ ਹੈ।

