June 26, 2026
#Punjab News

ਡੀਐਮ ਖੁਦਕੁਸ਼ੀ ਮਾਮਲੇ ‘ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਖਿਲਾਫ਼ 542 ਪੰਨਿਆਂ ਦਾ ਚਲਾਨ ਪੇਸ਼

ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ (ਡੀਐਮ) ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਾਬਕਾ ਮੰਤਰੀ Laljit Singh Bhullar ਖਿਲਾਫ਼ 542 ਪੰਨਿਆਂ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਪੁਲਿਸ ਨੇ 59 ਦਿਨਾਂ ਦੀ ਜਾਂਚ ਤੋਂ ਬਾਅਦ ਇਹ ਚਲਾਨ ਤਿਆਰ ਕੀਤਾ।

ਚਲਾਨ ਵਿੱਚ ਖੁਦਕੁਸ਼ੀ ਲਈ ਉਕਸਾਉਣ, ਤਸ਼ੱਦਦ ਕਰਨ ਅਤੇ ਜਲਾਲਤ ਕਰਨ ਵਰਗੇ ਗੰਭੀਰ ਇਲਜ਼ਾਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਡੀਐਮ ਗਗਨਦੀਪ ਰੰਧਾਵਾ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਰਿਪੋਰਟ ਅਤੇ ਕਰੀਬ 50 ਗਵਾਹਾਂ ਦੇ ਬਿਆਨ ਵੀ ਚਲਾਨ ਦਾ ਹਿੱਸਾ ਬਣਾਏ ਗਏ ਹਨ। ਪੁਲਿਸ ਮੁਤਾਬਕ ਜਾਂਚ ਦੌਰਾਨ ਸਾਬਕਾ ਮੰਤਰੀ ਖਿਲਾਫ਼ ਲਗੇ ਇਲਜ਼ਾਮ ਸਹੀ ਪਾਏ ਗਏ ਹਨ।

ਹਾਲਾਂਕਿ, ਮਾਮਲੇ ਵਿੱਚ ਭੁੱਲਰ ਦੇ ਪਿਤਾ ਸੁਖਦੇਵ ਭੁੱਲਰ, ਪੀਏ ਦਿਲਬਾਗ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋ ਸਕੀ।

ਪੁਲਿਸ ਜਾਂਚ ਅਨੁਸਾਰ 13 ਮਾਰਚ 2026 ਨੂੰ ਗਗਨਦੀਪ ਰੰਧਾਵਾ ਨੂੰ ਫ਼ੋਨ ਕਰਕੇ ਪੱਟੀ ਸਥਿਤ ਰਿਹਾਇਸ਼ ‘ਤੇ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਕੁੱਟਮਾਰ ਅਤੇ ਦਬਾਅ ਬਣਾਇਆ ਗਿਆ।

ਕੀ ਹੈ ਪੂਰਾ ਮਾਮਲਾ?

ਡੀਐਮ ਗਗਨਦੀਪ ਰੰਧਾਵਾ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ ਸੀ। ਮੌਤ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਗੰਭੀਰ ਦੋਸ਼ ਲਗਾਏ ਸਨ।

ਸੂਤਰਾਂ ਮੁਤਾਬਕ, ਇੱਕ ਗੋਦਾਮ ਲਈ ਜ਼ਮੀਨ ਅਲਾਟਮੈਂਟ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਵੱਲੋਂ ਡੀਐਮ ‘ਤੇ ਦਬਾਅ ਬਣਾਇਆ ਜਾ ਰਿਹਾ ਸੀ। ਇਲਜ਼ਾਮ ਹੈ ਕਿ ਭੁੱਲਰ ਆਪਣੇ ਪਿਤਾ ਦੇ ਨਾਮ ‘ਤੇ ਟੈਂਡਰ ਅਲਾਟ ਕਰਵਾਉਣਾ ਚਾਹੁੰਦੇ ਸਨ।

ਵਿਭਾਗੀ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਪ੍ਰਸਤਾਵਿਤ ਸਥਾਨ ਦੇ ਉੱਪਰੋਂ ਹਾਈ ਵੋਲਟੇਜ ਬਿਜਲੀ ਲਾਈਨਾਂ ਲੰਘ ਰਹੀਆਂ ਸਨ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਡੀਐਮ ‘ਤੇ ਲਗਾਤਾਰ ਦਬਾਅ ਬਣਾਇਆ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਗਏ ਸਨ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।