ਫ਼ਤਹਿਗੜ੍ਹ ਸਾਹਿਬ: ਸਰਹਿੰਦ ਜੀ.ਟੀ. ਰੋਡ ’ਤੇ ਐਤਵਾਰ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਦਾਦਾ ਮੋਟਰਜ਼ ਨੇੜੇ ਰਾਤ ਕਰੀਬ 2:15 ਵਜੇ ਵਾਪਰਿਆ।
ਜਾਣਕਾਰੀ ਮੁਤਾਬਕ ਫ਼ਰੀਦਕੋਟ ਦੇ ਕੋਟਕਪੂਰਾ ਨਾਲ ਸਬੰਧਤ ਛੇ ਕਾਂਵੜੀਆਂ ਦਾ ਜੱਥਾ ਉੱਤਰਾਖੰਡ ਦੇ ਗੰਗੋਤਰੀ ਤੋਂ ਪਵਿੱਤਰ ਜਲ ਲੈ ਕੇ ਪੈਦਲ ਵਾਪਸ ਆਪਣੇ ਘਰਾਂ ਵੱਲ ਆ ਰਿਹਾ ਸੀ। ਇਸ ਦੌਰਾਨ ਪਿੱਛੋਂ ਆਏ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਅੱਗੇ ਚੱਲ ਰਹੇ ਕਾਂਵੜੀਆਂ ਵਿੱਚੋਂ ਚਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਕਾਂਵੜੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਮੁਕੇਸ਼ ਕੁਮਾਰ ਨਾਮਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਮਹਿੰਦਰ ਪਾਲ, ਦੀਪਕ ਅਤੇ ਜਗਦੀਸ਼ ਮਿੱਤਲ ਵਜੋਂ ਹੋਈ ਹੈ। ਤਿੰਨੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਜੱਥੇ ਦੇ ਨਾਲ ਮੌਜੂਦ ਚਸ਼ਮਦੀਦ ਜਗਸੀਰ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਵਾਹਨ ਪਿੱਛੋਂ ਆਇਆ ਅਤੇ ਉਸ ਨੇ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਸੂਚਨਾ ਮਿਲਣ ’ਤੇ ਸਰਹਿੰਦ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ। ਏਐੱਸਆਈ ਤਿਲਕ ਰਾਜ ਮੁਤਾਬਕ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਰਾਰ ਵਾਹਨ ਅਤੇ ਚਾਲਕ ਦੀ ਪਛਾਣ ਲਈ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

