July 14, 2026
#Punjab News

ਫਾਜ਼ਿਲਕਾ ‘ਚ ਫਰਜ਼ੀ ਪੁਲਿਸ ਗਿਰੋਹ ਦਾ ਪਰਦਾਫਾਸ਼, ਨਕਲੀ ਵਰਦੀ ਤੇ ਹੱਥਕੜੀਆਂ ਸਣੇ 4 ਮੁਲਜ਼ਮ ਕਾਬੂ

ਫਾਜ਼ਿਲਕਾ ਦੇ ਅਬੋਹਰ ਵਿੱਚ ਪੁਲਿਸ ਨੇ ਇੱਕ ਫਰਜ਼ੀ ਪੁਲਿਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਆਪਣੇ ਜਾਲ ਵਿੱਚ ਫਸਾਉਂਦਾ ਸੀ। ਇਸ ਤੋਂ ਬਾਅਦ ਤਾਂਤਰਿਕ ਰਸਮਾਂ ਦੇ ਨਾਂ ‘ਤੇ ਲੋਕਾਂ ਤੋਂ ਪੈਸੇ ਇਕੱਠੇ ਕਰਵਾਏ ਜਾਂਦੇ ਸਨ ਅਤੇ ਫਿਰ ਗਿਰੋਹ ਦੇ ਹੋਰ ਮੈਂਬਰ ਨਕਲੀ ਪੁਲਿਸ ਬਣ ਕੇ ਛਾਪਾ ਮਾਰਦੇ, ਤਾਂਤਰਿਕ ਨੂੰ ਗ੍ਰਿਫ਼ਤਾਰ ਕਰਨ ਦਾ ਡਰ ਦਿਖਾ ਕੇ ਪੀੜਤਾਂ ਦੇ ਪੈਸੇ ਜ਼ਬਤ ਕਰ ਲੈਂਦੇ ਸਨ।

ਪੁਲਿਸ ਅਨੁਸਾਰ ਗਿਰੋਹ ਇਸੇ ਤਰੀਕੇ ਨਾਲ ਕਰੀਬ ਸੱਤ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ। ਆਖਰੀ ਮਾਮਲੇ ਵਿੱਚ ਰਾਜਸਥਾਨ ਤੋਂ ਆਏ ਇੱਕ ਵਿਅਕਤੀ ਨਾਲ ਲਗਭਗ 6 ਲੱਖ ਰੁਪਏ ਦੀ ਠੱਗੀ ਕੀਤੀ ਗਈ, ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੂਰੇ ਰੈਕੇਟ ਦਾ ਪਰਦਾਫਾਸ਼ ਹੋਇਆ।

ਥਾਣਾ ਨੰਬਰ-1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਨਕਲੀ ਪੁਲਿਸ ਵਰਦੀਆਂ, ਹੱਥਕੜੀਆਂ, ਬੈਲਟਾਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਭੋਮਾ ਰਾਮ, ਕਰਨੈਲ ਸਿੰਘ, ਹਰਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਮਾਮਲੇ ਵਿੱਚ ਇੱਕ ਔਰਤ ਸਮੇਤ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਬਾਕੀ ਮੁਲਜ਼ਮਾਂ, ਜਿਨ੍ਹਾਂ ਵਿੱਚ ਨਿੰਮੋ ਅਤੇ ਬੰਟੀ ਵੀ ਸ਼ਾਮਲ ਹਨ, ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ।