ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਵਿੱਚ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਗੈਰਕਾਨੂੰਨੀ ਸ਼ਰਾਬ ਅਤੇ ਗਾਂਜਾ ਬਰਾਮਦ ਕੀਤਾ ਗਿਆ ਹੈ। ਇਹ ਕਾਰਵਾਈ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਕ, ਮੁਖਬਿਰ ਦੀ ਸੂਚਨਾ ਦੇ ਆਧਾਰ ‘ਤੇ ਟੀਮ ਨੇ ਹੱਲੋਮਾਜਰਾ ਲਾਈਟਸ ਨੇੜੇ ਛਾਪੇਮਾਰੀ ਕੀਤੀ, ਜਿੱਥੋਂ ਵੱਖ-ਵੱਖ ਬ੍ਰਾਂਡਾਂ ਦੀਆਂ ਕੁੱਲ 1162 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਇਨ੍ਹਾਂ ਵਿੱਚ ਰੌਇਲ ਸਟੈਗ, ਰੌਇਲ ਜਨਰਲ, ਇੰਪੀਰੀਅਲ ਬਲੂ, ਟੈਂਗੋ ਸੰਤਰਾ, ਜਮੀਲਾ ਸੰਤਰਾ, ਆਈਕੋਨਿਕ ਵਾਈਟ, ਆਲ ਸੀਜ਼ਨਜ਼ ਅਤੇ ਕਿੰਗਫ਼ਿਸ਼ਰ ਬੀਅਰ ਕੈਨ ਸ਼ਾਮਲ ਹਨ।
ਇਸ ਤੋਂ ਇਲਾਵਾ ਮੌਕੇ ਤੋਂ 57 ਗ੍ਰਾਮ ਗਾਂਜਾ ਵੀ ਬਰਾਮਦ ਕੀਤਾ ਗਿਆ। ਵਿਭਾਗ ਅਨੁਸਾਰ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਅਤੇ ਪੂਰੇ ਨੈੱਟਵਰਕ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਸੈਕਟਰ-31 ਥਾਣੇ ਵਿੱਚ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14, ਸੰਗਠਿਤ ਅਪਰਾਧ ਨਾਲ ਸਬੰਧਤ ਧਾਰਾ 111 ਅਤੇ NDPS ਐਕਟ ਦੀ ਧਾਰਾ 20 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

