June 23, 2026
#Punjab News

ਜਲੰਧਰ ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਔਰਤ ਗ੍ਰਿਫ਼ਤਾਰ

ਜਲੰਧਰ ਦੇ ਪਿੰਡ ਸੰਘਵਾਲ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਰੋਸ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ।

ਪਿੰਡ ਦੀ ਸਰਪੰਚ ਪਰਵੀਨ ਕੁਮਾਰੀ ਅਨੁਸਾਰ, ਦੋਸ਼ੀ ਔਰਤ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ ਅਤੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ। ਉਸ ਸਮੇਂ ਗੁਰਦੁਆਰੇ ਵਿੱਚ ਬੱਚੇ ਪਾਠ ਕਰ ਰਹੇ ਸਨ, ਜੋ ਔਰਤ ਦੀਆਂ ਹਰਕਤਾਂ ਦੇਖ ਕੇ ਡਰ ਗਏ ਅਤੇ ਬਾਹਰ ਭੱਜ ਗਏ। ਘਟਨਾ ਦੌਰਾਨ ਗੁਰਦੁਆਰਾ ਕਮੇਟੀ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ।

ਸਥਾਨਕ ਲੋਕਾਂ ਨੇ ਦੱਸਿਆ ਕਿ ਔਰਤ ਪਹਿਲਾਂ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੀ ਹੋਈ ਤਾੜੀਆਂ ਵਜਾ ਰਹੀ ਸੀ ਅਤੇ ਅਜੀਬ ਹਰਕਤਾਂ ਕਰ ਰਹੀ ਸੀ। ਬਾਅਦ ਵਿੱਚ ਉਹ ਗੁਰਦੁਆਰਾ ਸਾਹਿਬ ਪਹੁੰਚੀ, ਜਿੱਥੇ ਇਹ ਘਟਨਾ ਵਾਪਰੀ। ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

ਪੁਲਿਸ ਚੌਕੀ ਇੰਚਾਰਜ ਮੁਤਾਬਕ, ਹੈੱਡ ਗ੍ਰੰਥੀ ਕਮਲਜੀਤ ਲਾਲ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਜਾਪਦੀ ਸੀ। ਪੁਲਿਸ ਨੇ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਮਾਮਲੇ ਦੇ ਸਾਰੇ ਤੱਥ ਸਪੱਸ਼ਟ ਹੋ ਸਕਣਗੇ।