ਪੰਚਕੂਲਾ ਵਿੱਚ ਸਾਹਮਣੇ ਆਏ 150 ਕਰੋੜ ਰੁਪਏ ਦੇ ਕੋਟਕ ਮਹਿੰਦਰਾ ਬੈਂਕ ਘੁਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੇ ਖੁਲਾਸੇ ਕੀਤੇ ਹਨ। ED ਮੁਤਾਬਕ ਬੈਂਕ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਪੁਸ਼ਪਿੰਦਰ ਸਿੰਘ ਨੇ ਨਗਰ ਨਿਗਮ ਪੰਚਕੂਲਾ ਦੇ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਗੈਰ-ਕਾਨੂੰਨੀ ਤਰੀਕੇ ਨਾਲ siphon ਕਰਕੇ ਲਗਜ਼ਰੀ ਗੱਡੀਆਂ ਅਤੇ ਜਾਇਦਾਦਾਂ ਵਿੱਚ ਨਿਵੇਸ਼ ਕੀਤਾ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੁਸ਼ਪਿੰਦਰ ਸਿੰਘ ਨੇ ਇਸ ਪੈਸੇ ਨਾਲ BMW 7 ਸੀਰੀਜ਼, ਮਹਿੰਦਰਾ ਥਾਰ, ਮਹਿੰਦਰਾ ਸਕਾਰਪੀਓ-ਐੱਨ ਅਤੇ ਇੱਕ ਮੋਟਰਸਾਈਕਲ ਖਰੀਦੇ ਸਨ। ED ਦਾ ਦਾਅਵਾ ਹੈ ਕਿ ਮਾਰਚ 2026 ਵਿੱਚ ਘੁਟਾਲਾ ਸਾਹਮਣੇ ਆਉਣ ਤੋਂ ਠੀਕ ਪਹਿਲਾਂ ਇਹ ਸਾਰੀਆਂ ਗੱਡੀਆਂ ਅਤੇ ਜਾਇਦਾਦਾਂ ਵੇਚ ਦਿੱਤੀਆਂ ਗਈਆਂ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਹਰਿਆਣਾ ਸਟੇਟ ਵਿਜੀਲੈਂਸ ਐਂਡ ਐਂਟੀ-ਕਰਪਸ਼ਨ ਬਿਊਰੋ ਨੇ 24 ਮਾਰਚ 2026 ਨੂੰ FIR ਦਰਜ ਕੀਤੀ। ਉਸ ਸਮੇਂ ਪੁਸ਼ਪਿੰਦਰ ਸਿੰਘ ਕੋਟਕ ਮਹਿੰਦਰਾ ਬੈਂਕ ਦੀ ਪੰਚਕੂਲਾ ਬ੍ਰਾਂਚ ਵਿੱਚ ਮੈਨੇਜਰ ਵਜੋਂ ਤਾਇਨਾਤ ਸੀ।
💰 ਕਰੋੜਾਂ ਰੁਪਏ ਸਾਥੀਆਂ ਦੇ ਖਾਤਿਆਂ ਵਿੱਚ ਟਰਾਂਸਫਰ
ED ਮੁਤਾਬਕ ਨਗਰ ਨਿਗਮ ਪੰਚਕੂਲਾ ਦੇ ਨਾਮ ‘ਤੇ ਫਰਜ਼ੀ ਦਸਤਾਵੇਜ਼ਾਂ ਨਾਲ ਦੋ ਬੈਂਕ ਖਾਤੇ ਖੋਲ੍ਹੇ ਗਏ। ਇਨ੍ਹਾਂ ਖਾਤਿਆਂ ਵਿੱਚੋਂ ਵੱਡੀ ਰਕਮ ਵੱਖ-ਵੱਖ ਲੋਕਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ:
- ਰਜਤ ਡਾਹਰਾ – ₹88.17 ਕਰੋੜ
- ਸਵਾਤੀ ਤੋਮਰ – ₹31.58 ਕਰੋੜ
- ਕਪਿਲ ਕੁਮਾਰ – ₹2.36 ਕਰੋੜ
- ਵਿਨੋਦ ਕੁਮਾਰ – ₹1.41 ਕਰੋੜ
ਸਹਿ-ਮੁਲਜ਼ਮਾਂ ਨੇ ED ਨੂੰ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਖਾਤੇ ਖੁਲਵਾਏ ਗਏ ਸਨ। ਉਨ੍ਹਾਂ ਤੋਂ ਖਾਲੀ ਚੈੱਕ, ATM ਕਾਰਡ ਅਤੇ SIM ਕਾਰਡ ਲੈ ਕੇ ਰਜਤ ਡਾਹਰਾ ਨੂੰ ਸੌਂਪੇ ਗਏ।
📱 WhatsApp ਰਾਹੀਂ ਹੁੰਦੀਆਂ ਸਨ ਹਦਾਇਤਾਂ
ED ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੁਸ਼ਪਿੰਦਰ ਸਿੰਘ WhatsApp ਰਾਹੀਂ ਰਜਤ ਡਾਹਰਾ ਨੂੰ ਪੈਸੇ ਟਰਾਂਸਫਰ ਕਰਨ ਦੀਆਂ ਹਦਾਇਤਾਂ ਦਿੰਦਾ ਸੀ। ਰਜਤ ਡਾਹਰਾ ਨੇ ਦੱਸਿਆ ਕਿ ਪੁਸ਼ਪਿੰਦਰ ਨੇ ਉਸਦੇ ਨਾਮ ‘ਤੇ ਕਈ ਲਗਜ਼ਰੀ ਗੱਡੀਆਂ ਖਰੀਦੀਆਂ ਸਨ, ਜਿਨ੍ਹਾਂ ਦੀ ਵਰਤੋਂ ਪੁਸ਼ਪਿੰਦਰ ਅਤੇ ਉਸ ਦੀ ਪਤਨੀ ਕਰਦੇ ਸਨ।
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਘੁਟਾਲਾ ਸਾਹਮਣੇ ਆਉਣ ਤੋਂ ਪਹਿਲਾਂ ਮੋਬਾਈਲ ਫੋਨ ਨਸ਼ਟ ਕੀਤੇ ਗਏ ਅਤੇ ਗੱਡੀਆਂ ਵੇਚ ਕੇ ਪੈਸਾ ਆਪਣੇ ਕੋਲ ਰੱਖ ਲਿਆ ਗਿਆ।
🏛️ ਅਦਾਲਤ ਨੇ ED ਰਿਮਾਂਡ ‘ਤੇ ਭੇਜਿਆ
ਪੁਸ਼ਪਿੰਦਰ ਸਿੰਘ ਦੇ ਵਕੀਲ ਵੱਲੋਂ ਰਿਹਾਈ ਦੀ ਮੰਗ ਕੀਤੀ ਗਈ ਸੀ, ਪਰ ਵਿਸ਼ੇਸ਼ ਅਦਾਲਤ ਨੇ ED ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁਸ਼ਪਿੰਦਰ ਸਿੰਘ ਨੂੰ 9 ਜੂਨ ਤੱਕ ED ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ED ਹੁਣ ਇਸ ਘੁਟਾਲੇ ਦੇ ਅਸਲ ਲਾਭਪਾਤਰੀਆਂ ਅਤੇ ਪੈਸੇ ਦੇ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।

