ਲੁਧਿਆਣਾ ਵਿੱਚ ਬਾਲ ਮਜ਼ਦੂਰੀ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਅਤੇ ‘ਬਚਪਨ ਬਚਾਓ’ ਸੰਸਥਾ ਦੀ ਸਾਂਝੀ ਟੀਮ ਨੇ ਦੋ ਫੈਕਟਰੀਆਂ ਵਿੱਚ ਛਾਪੇਮਾਰੀ ਕਰਕੇ 19 ਨਾਬਾਲਗ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਇਆ ਹੈ। ਇਸ ਮਾਮਲੇ ਵਿੱਚ ਥਾਣਾ ਜੋਧੇਵਾਲ ਪੁਲਿਸ ਨੇ ਦੋਵੇਂ ਫੈਕਟਰੀ ਮਾਲਕਾਂ ਖ਼ਿਲਾਫ਼ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਰੀਤੂ, ਜੋ ‘ਬਚਪਨ ਬਚਾਓ’ ਸੰਸਥਾ ਵਿੱਚ ਪ੍ਰੋਜੈਕਟ ਅਧਿਕਾਰੀ ਵਜੋਂ ਕੰਮ ਕਰਦੀ ਹੈ, ਨੇ ਦੱਸਿਆ ਕਿ 12 ਜੂਨ 2026 ਨੂੰ ਟੀਮ ਨੇ ਗਿੱਲ ਨਹਿਰ ਖੇਤਰ ਸਥਿਤ ਨਿਊ ਲਾਈਜ਼ਡ ਇੰਟਰਪ੍ਰਾਈਜ਼ਿਜ਼ ਫੈਕਟਰੀ ਵਿੱਚ ਅਚਾਨਕ ਛਾਪਾ ਮਾਰਿਆ। ਇਸ ਦੌਰਾਨ ਉੱਥੋਂ 17 ਨਾਬਾਲਗ ਬੱਚੇ ਕੰਮ ਕਰਦੇ ਮਿਲੇ, ਜਿਨ੍ਹਾਂ ਨੂੰ ਤੁਰੰਤ ਰੈਸਕਿਊ ਕੀਤਾ ਗਿਆ।
ਇਸ ਤੋਂ ਬਾਅਦ ਟੀਮ ਨੇ ਨੇੜੇ ਹੀ ਸਥਿਤ ਮੁਕਤ ਹੋਜ਼ਰੀ ਵਰਕਸ ਵਿੱਚ ਵੀ ਜਾਂਚ ਕੀਤੀ, ਜਿੱਥੋਂ 2 ਹੋਰ ਨਾਬਾਲਗ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਦੇ ਹੋਏ ਬਚਾਇਆ ਗਿਆ। ਇਸ ਤਰ੍ਹਾਂ ਕੁੱਲ 19 ਬੱਚਿਆਂ ਨੂੰ ਸੁਰੱਖਿਅਤ ਰੈਸਕਿਊ ਕਰਕੇ ਅਗਲੀ ਕਾਰਵਾਈ ਲਈ ਚਾਈਲਡ ਵੈਲਫੇਅਰ ਕਮੇਟੀ (CWC) ਦੇ ਹਵਾਲੇ ਕੀਤਾ ਗਿਆ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਨਿਊ ਲਾਈਜ਼ਡ ਇੰਟਰਪ੍ਰਾਈਜ਼ਿਜ਼ ਅਤੇ ਮੁਕਤ ਹੋਜ਼ਰੀ ਵਰਕਸ ਦੇ ਮਾਲਕਾਂ ਖ਼ਿਲਾਫ਼ ਬਾਲ ਸ਼੍ਰਮ (ਪਾਬੰਦੀ ਅਤੇ ਨਿਯਮਨ) ਐਕਟ, 1986 ਦੀਆਂ ਧਾਰਾਵਾਂ 3 ਅਤੇ 14, ਨਾਲ ਹੀ ਕਿਸ਼ੋਰ ਨਿਆਂ ਐਕਟ, 2015 ਦੀਆਂ ਧਾਰਾਵਾਂ 75 ਅਤੇ 79 ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

