May 12, 2026
#Tricity News

ਮੋਹਾਲੀ ‘ਚ ਐਕਸਾਈਜ਼ ਦੀ ਵੱਡੀ ਕਾਰਵਾਈ: ਚੰਡੀਗੜ੍ਹ ਲਈ ਮਨਜ਼ੂਰ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ

ਮੋਹਾਲੀ: ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਐਕਸਾਈਜ਼ ਵਿਭਾਗ ਵੱਲੋਂ ਨਾਕਾਬੰਦੀ ਦੌਰਾਨ ਗੈਰਕਾਨੂੰਨੀ ਸ਼ਰਾਬ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰਵਾਈ ਡੀਸੀਐਕਸ ਖੁਸ਼ਦਿਲ ਸਿੰਘ ਸੰਧੂ ਅਤੇ ਅਸਿਸਟੈਂਟ ਕਮਿਸ਼ਨਰ (ਐਕਸਾਈਜ਼) ਅਸ਼ੋਕ ਚਲੋਤਰਾ ਦੀ ਅਗਵਾਈ ਹੇਠ ਕੀਤੀ ਗਈ।

ਐਕਸਾਈਜ਼ ਇੰਸਪੈਕਟਰ ਗੁਰਿੰਦਰ ਪਾਲ ਦੀ ਅਗਵਾਈ ਵਿੱਚ ਟੀਮ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਨਾਕਾ ਲਗਾ ਕੇ ਚੈਕਿੰਗ ਕੀਤੀ। ਇਸ ਦੌਰਾਨ ਜਸਵਿੰਦਰ ਸਿੰਘ ਵਾਸੀ ਮੋਰਿੰਡਾ ਨੂੰ ਐਕਟਿਵਾ ‘ਤੇ ਆਉਂਦੇ ਸਮੇਂ ਰੋਕਿਆ ਗਿਆ।

ਤਲਾਸ਼ੀ ਦੌਰਾਨ ਉਸ ਕੋਲੋਂ ਪਲਾਸਟਿਕ ਬੈਗ ਵਿੱਚ ਲੁਕਾਈ ਹੋਈ 36 ਬੋਤਲਾਂ “ਜੰਨਤ ਸੌਂਫੀ” ਅਤੇ 15 ਪਿੰਟ “ਰੌਇਲ ਜਨਰਲ” ਸ਼ਰਾਬ ਬਰਾਮਦ ਕੀਤੀ ਗਈ, ਜੋ ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ ਮਨਜ਼ੂਰ ਸੀ।

ਇਹ ਕਾਰਵਾਈ ਥਾਣਾ ਫੇਜ਼-1 ਮੋਹਾਲੀ ਦੇ ਅਧੀਨ ਖੇਤਰ ਵਿੱਚ ਕੀਤੀ ਗਈ। ਪੁਲਿਸ ਵੱਲੋਂ ਐਫਆਈਆਰ ਨੰਬਰ 83 ਮਿਤੀ 21 ਅਪ੍ਰੈਲ 2026 ਤਹਿਤ ਪੰਜਾਬ ਐਕਸਾਈਜ਼ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।

ਐਕਸਾਈਜ਼ ਵਿਭਾਗ ਨੇ ਕਿਹਾ ਹੈ ਕਿ ਗੈਰਕਾਨੂੰਨੀ ਸ਼ਰਾਬ ਦੇ ਖ਼ਿਲਾਫ਼ ਮੁਹਿੰਮ ਆਗੇ ਵੀ ਜਾਰੀ ਰਹੇਗੀ ਅਤੇ ਅਜਿਹੀਆਂ ਗਤੀਵਿਧੀਆਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ।