ਮੋਹਾਲੀ ਨਗਰ ਨਿਗਮ ਦੀ ਨਵੀਂ ਹਾਊਸ ਬਣਨ ਤੋਂ ਪਹਿਲਾਂ ਹੀ ਸਿਆਸੀ ਗਲਿਆਰਿਆਂ ਵਿੱਚ ਇੱਕ ਨਵਾਂ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਾਣਕਾਰੀ ਅਨੁਸਾਰ ਨਵ-ਚੁਣੇ ਕੌਂਸਲਰਾਂ ਵੱਲੋਂ ਅਜੇ ਤੱਕ ਸਹੁੰ ਵੀ ਨਹੀਂ ਚੁੱਕੀ ਗਈ, ਪਰ ਇਸ ਤੋਂ ਪਹਿਲਾਂ ਹੀ ਮੇਅਰ ਦੇ ਇੱਕ ਦਾਵੇਦਾਰ ਵੱਲੋਂ ਨਗਰ ਨਿਗਮ ਦਫ਼ਤਰ ਦਾ ਦੌਰਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਸੂਤਰਾਂ ਮੁਤਾਬਕ ਸੰਬੰਧਿਤ ਦਾਵੇਦਾਰ ਸੋਮਵਾਰ ਸਵੇਰੇ ਨਗਰ ਨਿਗਮ ਦਫ਼ਤਰ ਪਹੁੰਚੇ ਅਤੇ ਉੱਥੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਕਮਰਿਆਂ ਦਾ ਨਿਰੀਖਣ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦਫ਼ਤਰ ਦੇ ਪ੍ਰਬੰਧਾਂ ਅਤੇ ਕਮਰਿਆਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਲਈ।
ਖਾਸ ਗੱਲ ਇਹ ਹੈ ਕਿ ਅਜੇ ਤੱਕ ਨਵੀਂ ਹਾਊਸ ਦੀ ਪਹਿਲੀ ਮੀਟਿੰਗ ਵੀ ਨਹੀਂ ਹੋਈ ਅਤੇ ਨਾ ਹੀ ਕੌਂਸਲਰਾਂ ਦੀ ਸਹੁੰ ਚੁੱਕਣ ਦੀ ਪ੍ਰਕਿਰਿਆ ਪੂਰੀ ਹੋਈ ਹੈ। ਇਸ ਦੇ ਨਾਲ ਮੇਅਰ ਦੀ ਚੋਣ ਵੀ ਅਜੇ ਬਾਕੀ ਹੈ।
ਇਸ ਘਟਨਾ ਤੋਂ ਬਾਅਦ ਸਿਆਸੀ ਵਰਗਾਂ ਵਿੱਚ ਚਰਚਾ ਛਿੜ ਗਈ ਹੈ ਕਿ ਕੀ ਸੰਬੰਧਿਤ ਦਾਵੇਦਾਰ ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਹੈ ਜਾਂ ਫਿਰ ਇਹ ਸਿਰਫ਼ ਇੱਕ ਰਸਮੀ ਦੌਰਾ ਸੀ। ਨਗਰ ਨਿਗਮ ਦੇ ਗਲਿਆਰਿਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

