ਮੋਹਾਲੀ ਦੇ ਹਿੰਦੂ ਆਗੂ ਅਤੇ ਸਮਾਜ ਸੇਵੀ ਨਿਸ਼ਾਂਤ ਸ਼ਰਮਾ ਨੂੰ ਲਗਾਤਾਰ ਵਿਦੇਸ਼ੀ ਅਤੇ ਲੋਕਲ ਨੰਬਰਾਂ ਤੋਂ ਜਾਨੋਂ ਮਾਰਣ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਿਸ਼ਾਂਤ ਸ਼ਰਮਾ ਵੱਲੋਂ ਡੀ.ਆਈ.ਜੀ ਰੋਪੜ ਰੇਂਜ ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਪੂਰੇ ਮਾਮਲੇ ਦੀ ਜਾਣਕਾਰੀ ਅਤੇ ਸਬੂਤ ਸੌਂਪੇ ਗਏ ਹਨ।
ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਮੋਬਾਈਲ ਨੰਬਰ ‘ਤੇ ਲਗਾਤਾਰ ਵਟਸਐਪ ਕਾਲਾਂ ਅਤੇ ਆਮ ਕਾਲਾਂ ਆ ਰਹੀਆਂ ਹਨ। ਇੱਕ ਵਿਦੇਸ਼ੀ ਨੰਬਰ +923295589738 ਤੋਂ ਆਈ ਕਾਲ ਦੌਰਾਨ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦੱਸਿਆ। ਉਸ ਨੇ ਕਿਹਾ ਕਿ ਉਸ ਨੂੰ ਨਿਸ਼ਾਂਤ ਸ਼ਰਮਾ ਦੇ ਰਹਿਣ ਸਥਾਨ ਅਤੇ ਮੰਦਰ ਜਾਣ ਦੇ ਸਮੇਂ ਤੱਕ ਦੀ ਪੂਰੀ ਜਾਣਕਾਰੀ ਹੈ।
ਧਮਕੀ ਦੇਣ ਵਾਲੇ ਨੇ ਕਿਹਾ ਕਿ ਉਹ ਨਿਸ਼ਾਂਤ ਸ਼ਰਮਾ ਅਤੇ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੂੰ ਹੈਂਡ ਗ੍ਰਨੇਡ ਨਾਲ ਉਡਾ ਦੇਣਗੇ ਅਤੇ ਉਨ੍ਹਾਂ ਦੇ ਸਾਥੀਆਂ ਖੁਸ਼ਪ੍ਰੀਤ ਲਾਡੀ ਅਤੇ ਸੂਦ ਨੂੰ ਵੀ ਨਹੀਂ ਛੱਡਣਗੇ।
ਇਸ ਤੋਂ ਇਲਾਵਾ ਇੱਕ ਹੋਰ ਵਿਦੇਸ਼ੀ ਨੰਬਰ +447347934534 ਤੋਂ ਆਈ ਕਾਲ ਵਿੱਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਰਣਦੀਪ ਮਲਿਕ ਦੱਸਦਿਆਂ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹੈ। ਉਸ ਨੇ ਨਿਸ਼ਾਂਤ ਸ਼ਰਮਾ ਨੂੰ ਗੋਲੀ ਮਾਰਣ ਦੀ ਧਮਕੀ ਦਿੱਤੀ। ਨਾਲ ਹੀ ਵਟਸਐਪ ‘ਤੇ ਧਮਕੀ ਭਰੇ ਮੈਸੇਜ ਵੀ ਭੇਜੇ ਗਏ, ਜਿਨ੍ਹਾਂ ਦੇ ਸਕ੍ਰੀਨਸ਼ਾਟ ਪੁਲਿਸ ਨੂੰ ਸੌਂਪੇ ਗਏ ਹਨ।
ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਦੇਣ ਤੋਂ ਬਾਅਦ ਵੀ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਹਾਲ ਹੀ ਵਿੱਚ ਜਦੋਂ ਉਹ ਹਰਿਆਣਾ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਵੀਡੀਓ ਕਾਲ ਰਾਹੀਂ ਹਰਿੰਦਰ ਰਿੰਦਾ ਗੈਂਗ ਦੇ ਨਾਂ ‘ਤੇ ਧਮਕੀ ਦਿੱਤੀ ਗਈ। ਕਾਲ ਕਰਨ ਵਾਲੇ ਨੇ ਕਿਹਾ ਕਿ “ਤੂੰ ਗੈਂਗਸਟਰਾਂ ਦੇ ਖਿਲਾਫ ਬੋਲਦਾ ਹੈਂ, ਇਸ ਲਈ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਖਤਮ ਕਰ ਦੇਵਾਂਗੇ।”
ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਵहीं ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਹਿਤ, ਸਨਾਤਨ ਧਰਮ, ਗੌ ਸੇਵਾ ਅਤੇ ਸਮਾਜ ਸੇਵਾ ਦੇ ਕੰਮ ਉਹ ਪਹਿਲਾਂ ਵੀ ਕਰਦੇ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।

