ਮੋਹਾਲੀ: ਰਿਕਵਰੀ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਐਂਟੀ ਕਰਪਸ਼ਨ ਹੈਲਪਲਾਈਨ ‘ਤੇ ਦਰਜ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੰਜਾਬ ਬਿਊਰੋ ਆਫ ਇਨਵੈਸਟਿਗੇਸ਼ਨ ਦੇ ਹੁਕਮਾਂ ‘ਤੇ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਸਟੇਟ ਕ੍ਰਾਈਮ ਥਾਣਾ ਮੋਹਾਲੀ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਮੇਜਰ ਸਿੰਘ ਖ਼ਿਲਾਫ਼ IPC ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਜੈ ਕੁਮਾਰ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਰਿਕਵਰੀ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਨੇ ਸਾਲ 2017 ਵਿੱਚ ICICI ਬੈਂਕ ਤੋਂ ਲਗਭਗ 27 ਲੱਖ ਰੁਪਏ ਦਾ ਹੋਮ ਲੋਨ ਲਿਆ ਸੀ। ਕਿਸ਼ਤਾਂ ਨਾ ਭਰਨ ਕਾਰਨ ਉਸਦਾ ਖਾਤਾ NPA ਘੋਸ਼ਿਤ ਹੋ ਗਿਆ ਸੀ ਅਤੇ ਰਿਕਵਰੀ ਦੀ ਕਾਰਵਾਈ ਇੱਕ ਨਿੱਜੀ ਏਜੰਸੀ ਨੂੰ ਸੌਂਪ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਮੇਜਰ ਸਿੰਘ ਉਸੇ ਏਜੰਸੀ ਵਿੱਚ ਕੰਮ ਕਰਦਾ ਸੀ।
ਸ਼ਿਕਾਇਤ ਮੁਤਾਬਕ, ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਘਰ ‘ਤੇ ਕਬਜ਼ਾ ਕਰਨ ਅਤੇ ਕਾਨੂੰਨੀ ਨੋਟਿਸਾਂ ਦਾ ਡਰ ਦਿਖਾ ਕੇ ਪਹਿਲਾਂ 1.50 ਲੱਖ ਰੁਪਏ ਨਕਦ ਅਤੇ ਫਿਰ ਕਰੀਬ 2.50 ਲੱਖ ਰੁਪਏ ਆਨਲਾਈਨ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਲਏ।
ਪੰਜਾਬ ਬਿਊਰੋ ਆਫ ਇਨਵੈਸਟਿਗੇਸ਼ਨ ਵੱਲੋਂ ਕੀਤੀ ਜਾਂਚ ਵਿੱਚ ਬੈਂਕ ਸਟੇਟਮੈਂਟ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਇਹ ਦੋਸ਼ ਸਹੀ ਪਾਏ ਗਏ। ਜਾਂਚ ਰਿਪੋਰਟ ਵਿੱਚ ਇਸ ਮਾਮਲੇ ਨੂੰ ਭ੍ਰਿਸ਼ਟਾਚਾਰ ਨਹੀਂ, ਸਗੋਂ ਸਪਸ਼ਟ ਤੌਰ ‘ਤੇ ਇਕ ਅਪਰਾਧਿਕ ਧੋਖਾਧੜੀ ਕਰਾਰ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਪੁਲਿਸ ਨੇ IPC ਦੀ ਧਾਰਾ 420 ਅਧੀਨ FIR ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

