ਯਮੁਨਾਨਗਰ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸੰਤ ਮਹਾਂਪੁਰਖਾਂ ਦਾ ਜੀਵਨ ਸਮਾਜ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਿਹਾ ਹੈ। ਉਨ੍ਹਾਂ ਦੇ ਆਦਰਸ਼ ਮਨੁੱਖਤਾ, ਸੇਵਾ, ਸਮਾਨਤਾ ਅਤੇ ਰਾਸ਼ਟਰ ਨਿਰਮਾਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪੀੜ੍ਹੀ ਨੂੰ ਮਹਾਂਪੁਰਖਾਂ ਦੇ ਜੀਵਨ ਅਤੇ ਵਿਚਾਰਾਂ ਨਾਲ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ, ਤਾਂ ਜੋ ਸਮਾਜ ਵਿੱਚ ਸਦਭਾਵਨਾ ਅਤੇ ਸੰਸਕਾਰਾਂ ਦੀ ਭਾਵਨਾ ਹੋਰ ਮਜ਼ਬੂਤ ਹੋ ਸਕੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਵਿਚਾਰ ਪਿੰਡ ਉਝਾਨਾ ਵਿੱਚ ਸ੍ਰੀ ਸ੍ਰੀ 1008 ਸਿੱਧ ਬਾਬਾ ਖਾਕਨਾਥ ਮਹਾਰਾਜ ਦੀ ਨਵ-ਨਿਰਮਿਤ ਸਮਾਧੀ ਸਥਾਨ ‘ਤੇ ਮੂਰਤੀ ਸਥਾਪਨਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਮੰਦਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਆਪਣੀ ਸੰਸਕ੍ਰਿਤਕ ਵਿਰਾਸਤ ਅਤੇ ਅਧਿਆਤਮਿਕ ਮੁੱਲਾਂ ਨੂੰ ਨਵੀਂ ਪਛਾਣ ਦਿਵਾਉਣ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ, ਰੋਹਤਕ ਸਥਿਤ ਮਠ ਅਸਥਲ ਬੋਹਰ ਦੇ ਮਹੰਤ ਅਤੇ ਰਾਜਸਥਾਨ ਦੇ ਤਿਜਾਰਾ ਤੋਂ ਵਿਧਾਇਕ ਮਹੰਤ ਰਾਜ ਨਾਥ, ਮਹੰਤ ਪੂਰਨ ਨਾਥ ਸਮੇਤ ਕਈ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਮੌਜੂਦ ਸਨ।
ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਕਈ ਲੋਕ-ਭਲਾਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ‘ਬਿਨਾਂ ਪਰਚੀ-ਬਿਨਾਂ ਖ਼ਰਚੀ’ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

