ਪੰਜਾਬ ਵਿਜੀਲੈਂਸ ਬਿਊਰੋ ਰਿਸ਼ਵਤ ਕਾਂਡ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ। ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਦੀ ਵਿਸ਼ੇਸ਼ ਅਦਾਲਤ ਨੇ ਡੀਜੀਪੀ ਦੇ ਰੀਡਰ ਓ.ਪੀ. ਰਾਣਾ ਦੀ ਅਗਾਊਂ ਜ਼ਮਾਨਤ ਅਰਜ਼ੀ ਵੀਰਵਾਰ ਨੂੰ ਖਾਰਜ ਕਰ ਦਿੱਤੀ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਰਾਣਾ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਕਾਫ਼ੀ ਵੱਧ ਗਈ ਹੈ।
ਸੀਬੀਆਈ ਪਹਿਲਾਂ ਹੀ ਅਦਾਲਤ ਵਿੱਚ ਦਾਅਵਾ ਕਰ ਚੁੱਕੀ ਹੈ ਕਿ 20 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਓ.ਪੀ. ਰਾਣਾ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ “13 ਲੱਖ ਸਾਹਿਬ ਨੂੰ ਜਾਣੇ ਹਨ।” ਜਾਂਚ ਏਜੰਸੀ ਇਸ ਬਿਆਨ ਨੂੰ ਮਾਮਲੇ ਦੀ ਇੱਕ ਅਹਿਮ ਕੜੀ ਮੰਨ ਰਹੀ ਹੈ ਅਤੇ ਇਸ ਦੇ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਨਾਮਜ਼ਦ ਬਿਚੌਲੀਆ ਅਤੇ ਮਲੋਟ ਨਿਵਾਸੀ ਵਿਕਾਸ ਗੋਇਲ ਦੀ ਅੰਤਰਿਮ ਜ਼ਮਾਨਤ ਵੀ ਅਦਾਲਤ ਨੇ ਰੱਦ ਕਰ ਦਿੱਤੀ। ਵਿਕਾਸ ਗੋਇਲ ਨੇ ਆਪਣੀ ਅਰਜ਼ੀ ਵਿੱਚ ਦਿਲ, ਜਿਗਰ ਅਤੇ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਦਾ ਹਵਾਲਾ ਦੇ ਕੇ ਰਾਹਤ ਮੰਗੀ ਸੀ।
ਗੋਇਲ ਦੇ ਵਕੀਲ ਕੇ.ਪੀ. ਸਿੰਘ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਵਿਕਾਸ ਗੋਇਲ ਲਗਾਤਾਰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕਰਵਾ ਰਿਹਾ ਹੈ ਅਤੇ ਉਸ ਨੂੰ ਨਿਯਮਿਤ ਮੈਡੀਕਲ ਦੇਖਭਾਲ ਦੀ ਲੋੜ ਹੈ। ਹਾਲਾਂਕਿ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਉਸ ਦੀ ਅੰਤਰਿਮ ਜ਼ਮਾਨਤ ਵੀ ਖਾਰਜ ਕਰ ਦਿੱਤੀ।
ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਰਿਸ਼ਵਤ ਕਾਂਡ ਦੀ ਜਾਂਚ ਹਾਲੇ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਸਾਰੇ ਮੁਲਜ਼ਮਾਂ ਦੀ ਭੂਮਿਕਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

