August 11, 2026
#Haryana News

Panjokhra Sahib Clash: ਗੁਰਸਿਮਰਨ ਮੰਡ ਕੁੱਟਮਾਰ ਮਾਮਲੇ ‘ਚ ਦੋ ਨੌਜਵਾਨ ਗ੍ਰਿਫ਼ਤਾਰ, ਸੰਗਤ ਦੇ ਵਿਰੋਧ ਮਗਰੋਂ ਰਿਹਾਅ

ਅੰਬਾਲਾ: ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿੱਚ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੁਲੀਸ ਨੇ ਐਫ਼ਆਈਆਰ ਦੇ ਆਧਾਰ ‘ਤੇ ਦੋ ਨੌਜਵਾਨਾਂ ਨੂੰ ਤੜਕੇ ਹਿਰਾਸਤ ਵਿੱਚ ਲਿਆ। ਹਾਲਾਂਕਿ, ਇਸ ਕਾਰਵਾਈ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਥਾਣਾ ਪੰਜੋਖਰਾ ਸਾਹਿਬ ਦੇ ਬਾਹਰ ਇਕੱਠੀ ਹੋ ਗਈ, ਜਿਸ ਤੋਂ ਬਾਅਦ ਦੋਵਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਇਹ ਘਟਨਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਪਰੇ ਵਿਵਾਦ ਨਾਲ ਜੁੜੀ ਹੋਈ ਹੈ। ਗ੍ਰਿਫ਼ਤਾਰੀਆਂ ਦੀ ਖ਼ਬਰ ਮਿਲਦਿਆਂ ਹੀ ਸਿੱਖ ਸੰਗਤ ਨੇ ਰੋਸ ਪ੍ਰਗਟ ਕਰਦਿਆਂ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।

ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਨੇ ਵੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਗੁਰਸਿਮਰਨ ਸਿੰਘ ਮੰਡ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਲਗਾਏ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ਦੂਜੇ ਪਾਸੇ, 27 ਸਾਲਾ ਸੁਰਿੰਦਰ ਸਿੰਘ, ਜੋ ਇਸ ਘਟਨਾ ਦੌਰਾਨ ਕਥਿਤ ਤੌਰ ‘ਤੇ ਵਾਹਨ ਦੀ ਟੱਕਰ ਨਾਲ ਜ਼ਖ਼ਮੀ ਹੋਇਆ ਸੀ, ਨੇ ਵੀ ਆਪਣੇ ਬਿਆਨ ਪੁਲੀਸ ਕੋਲ ਦਰਜ ਕਰਵਾਏ ਹਨ।

ਸੰਗਤ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਪੁਲੀਸ ਨੇ ਕਰੀਬ ਡੇਢ ਘੰਟੇ ਦੇ ਅੰਦਰ ਦੋਵਾਂ ਨੌਜਵਾਨਾਂ ਨੂੰ ਰਿਹਾ ਕਰ ਦਿੱਤਾ, ਜਿਸ ਨਾਲ ਮਾਹੌਲ ਸ਼ਾਂਤ ਹੋਇਆ।

ਕੀ ਸੀ ਪੂਰਾ ਮਾਮਲਾ?

7 ਅਗਸਤ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੌਰਾਨ ਗੁਰਸਿਮਰਨ ਸਿੰਘ ਮੰਡ ਦੇ ਕਾਫ਼ਲੇ ਦਾ ਇੱਕ ਵਾਹਨ ਸੰਗਤ ਵਿਚੋਂ ਲੰਘਦਿਆਂ ਕਥਿਤ ਤੌਰ ‘ਤੇ ਕੁਝ ਸ਼ਰਧਾਲੂਆਂ ਨਾਲ ਟਕਰਾ ਗਿਆ ਸੀ, ਜਿਸ ਕਾਰਨ ਕੁਝ ਲੋਕ ਜ਼ਖ਼ਮੀ ਹੋਏ। ਇਸ ਘਟਨਾ ਤੋਂ ਨਾਰਾਜ਼ ਸੰਗਤ ਨੇ ਮੌਕੇ ‘ਤੇ ਹੀ ਗੁਰਸਿਮਰਨ ਸਿੰਘ ਮੰਡ ਦੀ ਕੁੱਟਮਾਰ ਕਰ ਦਿੱਤੀ ਸੀ।

ਘਟਨਾ ਤੋਂ ਬਾਅਦ ਕੁਝ ਸਮੇਂ ਲਈ ਤਣਾਅ ਦਾ ਮਾਹੌਲ ਬਣ ਗਿਆ ਸੀ, ਜਿਸ ਨੂੰ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਕਾਬੂ ਕੀਤਾ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।