Patiala/Chandigarh: ਆਰਥਿਕ ਤੰਗੀ ਅਤੇ ਗੰਭੀਰ ਬੀਮਾਰੀ ਦੇ ਦਰਮਿਆਨ ਜਦੋਂ ਹਰ ਰਾਹ ਮੁਸ਼ਕਲ ਲੱਗਣ ਲੱਗੇ, ਓਦੋਂ ਇੱਕ ਸਰਕਾਰੀ ਯੋਜਨਾ ਕਿਸੇ ਪਰਿਵਾਰ ਲਈ ਜੀਵਨ ਰੱਖਿਅਕ ਸਾਬਤ ਹੋ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਦੇ ਰਹਿਣ ਵਾਲੇ ਡਰਾਈਵਰ ਗੁਰਪਿੰਦਰ ਜੀਤ ਸਿੰਘ ਦੇ ਪਰਿਵਾਰ ਵਿੱਚ ਸਾਹਮਣੇ ਆਇਆ ਹੈ।
ਉਨ੍ਹਾਂ ਦੀ 65 ਸਾਲਾ ਮਾਤਾ ਬਲਜੀਤ ਕੌਰ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਸੀ। ਪਹਿਲਾਂ ਨਿੱਜੀ ਡਾਕਟਰਾਂ ਕੋਲ ਇਲਾਜ ਕਰਵਾਇਆ ਗਿਆ, ਬਾਅਦ ਵਿੱਚ ਉਨ੍ਹਾਂ ਨੂੰ Rajindra Hospital ਵਿੱਚ ਰੈਫਰ ਕੀਤਾ ਗਿਆ। ਟੈਸਟਾਂ ਤੋਂ ਬਾਅਦ ਖੁਲਾਸਾ ਹੋਇਆ ਕਿ ਉਹ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਹਨ, ਜੋ ਅੱਗੇ ਵੱਧ ਕੇ ਲੀਵਰ ਅਤੇ ਫੇਫੜਿਆਂ ਤੱਕ ਫੈਲ ਚੁੱਕਾ ਸੀ।
ਇਲਾਜ ਲਈ ਗੁਰਪਿੰਦਰ ਆਪਣੀ ਮਾਂ ਨੂੰ Tata Cancer Hospital ਲੈ ਗਏ, ਜਿੱਥੇ ਸ਼ੁਰੂਆਤੀ ਖਰਚ ਹੀ 60 ਹਜ਼ਾਰ ਰੁਪਏ ਤੋਂ ਵੱਧ ਆ ਗਿਆ। ਇੱਕ ਆਮ ਡਰਾਈਵਰ ਲਈ ਇਹ ਰਕਮ ਭਾਰੀ ਸੀ ਅਤੇ ਪਰਿਵਾਰ ਲਈ ਆਰਥਿਕ ਸੰਕਟ ਖੜ੍ਹਾ ਹੋ ਗਿਆ।
ਇਸ ਦੌਰਾਨ ਹਸਪਤਾਲ ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਣਕਾਰੀ ਮਿਲੀ। ਰਜਿਸਟ੍ਰੇਸ਼ਨ ਤੋਂ ਬਾਅਦ ਬਣੇ ਸਮਾਰਟ ਕਾਰਡ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਇਸ ਯੋਜਨਾ ਤਹਿਤ ਕੀਮੋਥੈਰੇਪੀ, ਮਹਿੰਗੇ ਟੈਸਟ, ਆਪਰੇਸ਼ਨ, ਆਈਸੀਯੂ, ਵੈਂਟੀਲੇਟਰ ਅਤੇ ਦਵਾਈਆਂ ਸਮੇਤ ਲੱਖਾਂ ਰੁਪਏ ਦਾ ਇਲਾਜ ਸਰਕਾਰ ਵੱਲੋਂ ਕਵਰ ਕੀਤਾ ਗਿਆ।
ਡਾਕਟਰਾਂ ਲਈ ਵੀ ਇਹ ਕੇਸ ਕਾਫ਼ੀ ਜਟਿਲ ਸੀ। ਕਈ ਪੜਾਅ ਵਿੱਚ ਕੀਮੋਥੈਰੇਪੀ ਦੇਣ ਤੋਂ ਬਾਅਦ ਟਿਊਮਰ ਨੂੰ ਕਾਬੂ ਕੀਤਾ ਗਿਆ ਅਤੇ ਲਗਭਗ 8 ਘੰਟਿਆਂ ਦੀ ਸਰਜਰੀ ਕਰਕੇ ਇਸਨੂੰ ਕੱਢਿਆ ਗਿਆ। ਆਪਰੇਸ਼ਨ ਤੋਂ ਬਾਅਦ ਕੁਝ ਦਿਨਾਂ ਲਈ ਮਰੀਜ਼ ਨੂੰ ਆਈਸੀਯੂ ਵਿੱਚ ਰੱਖਿਆ ਗਿਆ, ਜਿਸ ਤੋਂ ਬਾਅਦ ਹਾਲਤ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ।
ਡਾਕਟਰਾਂ ਦੇ ਅਨੁਸਾਰ ਇਸ ਪੂਰੇ ਇਲਾਜ ‘ਤੇ ਲਗਭਗ 8 ਤੋਂ 10 ਲੱਖ ਰੁਪਏ ਦਾ ਖਰਚ ਆ ਸਕਦਾ ਸੀ, ਜੋ ਯੋਜਨਾ ਦੇ ਅਧੀਨ ਕਵਰ ਹੋ ਗਿਆ।
ਗੁਰਪਿੰਦਰ ਜੀਤ ਸਿੰਘ ਕਹਿੰਦੇ ਹਨ, “ਮਾਂ ਨੂੰ ਬਚਾਉਣਾ ਮੇਰੇ ਲਈ ਸਭ ਕੁਝ ਸੀ। ਪੈਸੇ ਨਹੀਂ ਸਨ, ਪਰ ਇਸ ਯੋਜਨਾ ਨੇ ਸਾਨੂੰ ਨਵੀਂ ਉਮੀਦ ਦਿੱਤੀ।”
ਇਹ ਮਾਮਲਾ ਸਿਰਫ਼ ਇੱਕ ਇਲਾਜ ਦੀ ਕਹਾਣੀ ਨਹੀਂ, ਸਗੋਂ ਸਰਕਾਰੀ ਸਿਹਤ ਯੋਜਨਾਵਾਂ ਦੀ ਅਹਿਮੀਅਤ ਨੂੰ ਵੀ ਦਰਸਾਉਂਦਾ ਹੈ, ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਲਈ ਜੀਵਨ ਰੱਖਿਅਕ ਸਾਬਤ ਹੋ ਰਹੀਆਂ ਹਨ।

