ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਚੰਡੀਗੜ੍ਹ ਦੌਰੇ ਲਈ ਸੁਰੱਖਿਆ ਅਤੇ ਰੂਟ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਪਹੁੰਚ ਗਈਆਂ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਰਾਜੇਂਦਰ ਪਾਰਕ ਪਹੁੰਚਣਗੇ ਅਤੇ ਉੱਥੋਂ ਸੜਕ ਮਾਰਗ ਰਾਹੀਂ ਪੰਜਾਬ ਇੰਜੀਨੀਅਰਿੰਗ ਕਾਲਜ (PEC) ਜਾਣਗੇ।
ਪ੍ਰਧਾਨ ਮੰਤਰੀ ਦੇ ਕਾਫਲੇ ਲਈ ਦੋ ਮੁੱਖ ਰੂਟ ਤਿਆਰ ਕੀਤੇ ਗਏ ਹਨ। ਪਹਿਲਾ ਰੂਟ ਰਾਜੇਂਦਰ ਪਾਰਕ ਤੋਂ ਵਿਗਿਆਨ ਮਾਰਗ ਰਾਹੀਂ ਸਿੱਧਾ ਪੀਈਸੀ ਤੱਕ ਜਾਵੇਗਾ, ਜਦਕਿ ਦੂਜਾ ਵਿਕਲਪਿਕ ਰੂਟ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਅਤੇ ਨਯਾਗਾਓਂ ਵਾਲੇ ਰਸਤੇ ਤੋਂ ਹੋ ਕੇ ਲੰਘੇਗਾ। ਜੇਕਰ ਮੌਸਮ ਕਾਰਨ ਹੈਲੀਕਾਪਟਰ ਦੀ ਵਰਤੋਂ ਸੰਭਵ ਨਾ ਹੋਈ ਤਾਂ ਹਵਾਈ ਅੱਡੇ ਤੋਂ ਸੜਕ ਰਾਹੀਂ ਵੀ ਇੱਕ ਵਿਕਲਪਿਕ ਰੂਟ ਤਿਆਰ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੀ ਟੀਮ ਚੰਡੀਗੜ੍ਹ ਪਹੁੰਚ ਚੁੱਕੀ ਹੈ। 16 ਜੁਲਾਈ ਨੂੰ ਸਾਰੇ ਰੂਟਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਅੰਤਿਮ ਰਿਹਰਸਲ ਕੀਤੀ ਜਾਵੇਗੀ। ਇਸ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਰੇਲਵੇ ਸਟੇਸ਼ਨ, ਬੱਸ ਅੱਡਿਆਂ ਸਮੇਤ ਜਨਤਕ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੌਰੇ ਦੌਰਾਨ ਸ਼ਹਿਰ ਨੂੰ ਨੋ-ਫਲਾਈ ਜ਼ੋਨ ਵੀ ਘੋਸ਼ਿਤ ਕੀਤਾ ਜਾਵੇਗਾ।
ਪੀਈਸੀ ਕੈਂਪਸ ਵਿੱਚ ਲਗਭਗ 5,500 ਲੋਕਾਂ ਦੀ ਸਮਰੱਥਾ ਵਾਲਾ ਵਾਟਰਪ੍ਰੂਫ਼ ਪੰਡਾਲ ਤਿਆਰ ਕੀਤਾ ਗਿਆ ਹੈ। ਦੌਰੇ ਦੌਰਾਨ ਪ੍ਰਧਾਨ ਮੰਤਰੀ ਪੀਜੀਆਈ ਦੇ ਤਿੰਨ ਵੱਡੇ ਸਿਹਤ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਨਾਲ-ਨਾਲ 1,983 ਕਰੋੜ ਰੁਪਏ ਦੀ ਲਾਗਤ ਵਾਲੇ ਜ਼ੀਰਕਪੁਰ-ਪੰਚਕੂਲਾ ਬਾਈਪਾਸ ਪ੍ਰੋਜੈਕਟ ਦੀ ਵੀ ਸ਼ੁਰੂਆਤ ਕਰਨਗੇ।

