ਚੰਡੀਗੜ੍ਹ: ਪੰਜਾਬ ਭਰ ਵਿੱਚ ਜਨਤਕ ਸੇਵਾਵਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀਆਂ 16 ਯੂਨੀਅਨਾਂ ਅਤੇ ਆਮ ਆਦਮੀ ਕਲੀਨਿਕਾਂ (AAC) ਦੇ ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਇਹ ਐਲਾਨ ਪੰਜਾਬ ਦੇ ਵਿੱਤ ਮੰਤਰੀ ਅਤੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੀਤਾ।
ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਦੌਰਾਨ ਸਰਕਾਰ ਅਤੇ ਮੁਲਾਜ਼ਮ ਯੂਨੀਅਨਾਂ ਵਿਚਾਲੇ ਹੋਈਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਸਾਰੇ ਮੁੱਖ ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ, ਜਿਸ ਤੋਂ ਬਾਅਦ ਯੂਨੀਅਨਾਂ ਨੇ ਕੰਮ ‘ਤੇ ਵਾਪਸ ਆਉਣ ਦਾ ਫ਼ੈਸਲਾ ਕੀਤਾ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਪਟਿਆਲਾ ਹੈੱਡ ਆਫਿਸ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਹੋਈ ਪੰਜ ਘੰਟੇ ਦੀ ਮੀਟਿੰਗ ਅਤੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ PSPCL ਦੇ ਸੀਐੱਮਡੀ ਨਾਲ ਹੋਈ ਚਰਚਾ ਤੋਂ ਬਾਅਦ ਬਿਜਲੀ ਖੇਤਰ ਦੀਆਂ 16 ਯੂਨੀਅਨਾਂ ਨਾਲ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨਾਂ ਦੀਆਂ ਵਿੱਤੀ ਮੰਗਾਂ ਦੇ ਹੱਲ ਲਈ ਇੱਕ ਵਿਸ਼ੇਸ਼ ਵਿੱਤੀ ਕਮੇਟੀ ਬਣਾਈ ਗਈ ਹੈ, ਜੋ 15 ਅਗਸਤ ਤੱਕ ਆਪਣੀ ਰਿਪੋਰਟ ਸੌਂਪੇਗੀ।
ਆਮ ਆਦਮੀ ਕਲੀਨਿਕਾਂ ਦੇ ਅਮਲੇ ਨਾਲ ਸਬੰਧਤ ਮਾਮਲੇ ‘ਤੇ ਵੀ ਸਰਕਾਰ ਅਤੇ ਨੈਸ਼ਨਲ ਹੈਲਥ ਮਿਸ਼ਨ (NHM) ਦੇ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ। ਸਰਕਾਰ ਨੇ ਰੈਗੂਲਰ ਭਰਤੀਆਂ ਦੌਰਾਨ ਕਰਮਚਾਰੀਆਂ ਦੇ ਸੇਵਾ ਤਜਰਬੇ ਨੂੰ ਤਰਜੀਹ ਦੇਣ ਦੀ ਮੁੱਖ ਮੰਗ ਸਵੀਕਾਰ ਕਰ ਲਈ ਹੈ, ਜਦਕਿ ਹੋਰ ਪ੍ਰਸ਼ਾਸਕੀ ਮੰਗਾਂ ‘ਤੇ ਵੀ ਵਿਚਾਰ ਜਾਰੀ ਹੈ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਫਾਈ ਅਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਨਾਲ ਸਬੰਧਤ ਮਾਮਲੇ ਵਿੱਚ ਵੀ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇ ‘ਤੇ ਲਿਆਉਣ ਲਈ ਇੱਕ ਆਰਡੀਨੈਂਸ ਰਾਜਪਾਲ ਕੋਲ ਭੇਜਿਆ ਗਿਆ ਹੈ, ਜਿਸ ਨਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਦੀ ਵਧੇਰੇ ਸੁਰੱਖਿਆ ਮਿਲੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਬਿਜਲੀ ਸਪਲਾਈ ਅਤੇ ਸਿਹਤ ਸੇਵਾਵਾਂ ਹੁਣ ਪੂਰੀ ਤਰ੍ਹਾਂ ਆਮ ਹੋ ਗਈਆਂ ਹਨ ਅਤੇ ਪੰਜਾਬ ਸਰਕਾਰ ਕਰਮਚਾਰੀਆਂ ਦੀ ਭਲਾਈ ਦੇ ਨਾਲ-ਨਾਲ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਦੇਣ ਲਈ ਵਚਨਬੱਧ ਹੈ।

