August 12, 2026
#Tricity News

ਪੰਜਾਬ ਯੂਨੀਵਰਸਿਟੀ ਦੀ ਕਾਰਜਕਾਰੀ ਵਾਈਸ ਚਾਂਸਲਰ ਬਣੇਗੀ ਡਾ. ਮੀਨਾਕਸ਼ੀ ਗੋਇਲ, ਅਗਲੇ ਹੁਕਮਾਂ ਤੱਕ ਸੰਭਾਲਣਗੇ ਅਹੁਦਾ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ (ਪੀਯੂ) ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਦੇ ਕਾਰਜਕਾਲ ਦਾ ਵਾਧਾ ਖ਼ਤਮ ਹੋਣ ਤੋਂ ਬਾਅਦ ਡਾ. ਮੀਨਾਕਸ਼ੀ ਗੋਇਲ ਨੂੰ ਅਗਲੇ ਹੁਕਮਾਂ ਤੱਕ ਯੂਨੀਵਰਸਿਟੀ ਦੀ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਯੂਨੀਵਰਸਿਟੀ ਦੇ ਡੀਨ ਆਫ ਯੂਨੀਵਰਸਿਟੀ ਇੰਸਟਰਕਸ਼ਨਜ਼ (DUI) ਡਾ. ਮੀਨਾਕਸ਼ੀ ਗੋਇਲ ਨੂੰ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਤੱਕ ਇਹ ਜ਼ਿੰਮੇਵਾਰੀ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।

ਪ੍ਰੋ. ਰੇਣੂ ਵਿਗ ਦਾ ਵਾਈਸ ਚਾਂਸਲਰ ਵਜੋਂ ਅੱਜ ਆਖਰੀ ਕੰਮਕਾਜੀ ਦਿਨ ਰਿਹਾ। ਉਨ੍ਹਾਂ ਨੂੰ ਇਸ ਸਾਲ ਮਾਰਚ ਵਿੱਚ ਚਾਰ ਮਹੀਨਿਆਂ ਦਾ ਕਾਰਜਕਾਲ ਵਾਧਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਨਵੇਂ ਵਾਈਸ ਚਾਂਸਲਰ ਦੀ ਚੋਣ ਲਈ ਇੱਕ ਸਰਚ ਕਮੇਟੀ ਵੀ ਬਣਾਈ ਗਈ ਸੀ, ਪਰ ਅਜੇ ਤੱਕ ਇਸ ਸਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਹੋ ਸਕਿਆ।

ਜ਼ਿਕਰਯੋਗ ਹੈ ਕਿ ਪ੍ਰੋ. ਰੇਣੂ ਵਿਗ ਪਹਿਲਾਂ ਕਾਰਜਕਾਰੀ ਵਾਈਸ ਚਾਂਸਲਰ ਵਜੋਂ ਸੇਵਾਵਾਂ ਨਿਭਾ ਚੁੱਕੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਵਜੋਂ ਨਿਯੁਕਤ ਕੀਤਾ ਗਿਆ ਸੀ।